ਲੋਕ ਸਭਾ ਚੋਣਾਂ 2024, ਚੋਣਾਂ ਸਬੰਧੀ ਪ੍ਰਚਾਰ ਸਮੱਗਰੀ `ਤੇ ਛਾਪਕ ਅਤੇ ਪ੍ਰਕਾਸ਼ਕ ਦਾ ਨਾਮ ਅਤੇ ਪਤਾ ਹੋਣਾ ਜ਼ਰੂਰੀ-ਜ਼ਿਲ੍ਹਾ ਚੋਣ ਅਫ਼ਸਰ

  • ਪ੍ਰਿੰਟਿੰਗ ਪ੍ਰੈੱਸਾਂ ਦੇ ਮਾਲਕ ਚੋਣ ਸਮੱਗਰੀ ਦੀ ਛਪਾਈ ਸਬੰਧੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ
  • ਉਲੰਘਣਾ ਕਰਨ ਵਾਲੇ ਨੂੰ ਹੋ ਸਕਦੀ ਹੈ 06 ਮਹੀਨੇ ਦੀ ਕੈਦ ਤੇ ਜ਼ੁਰਮਾਨਾ

ਤਰਨ ਤਾਰਨ, 03 ਅਪ੍ਰੈਲ : ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਨੇ ਜ਼ਿਲੇ ਦੇ ਸਮੂਹ ਪ੍ਰਿੰਟਿੰਗ ਪ੍ਰੈਸ ਮਾਲਕਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਚੋਣ ਜ਼ਾਬਤੇ ਦੌਰਾਨ ਕਿਸੇ ਵੀ ਤਰਾਂ ਦੀ ਪ੍ਰਚਾਰ ਸਮੱਗਰੀ, ਪੈਂਫਲਿਟ ਜਾਂ ਇਸ਼ਤਿਹਾਰ ਛਾਪਣ ਸਮੇਂ ਉਸ ੳੱੁਪਰ ਛਾਪਕ ਅਤੇ ਪ੍ਰਕਾਸ਼ਕ ਦਾ ਨਾਮ ਅਤੇ ਪੂਰਾ ਪਤਾ ਛਾਪਣਾ ਯਕੀਨੀ ਬਣਾਇਆ ਜਾਵੇ। ਉਹਨਾਂ ਕਿਹਾ ਹੋਰਡਿੰਗਜ਼ ਅਤੇ ਫਲੈਕਸ ਆਦਿ ਬਣਾਉਣ ਦਾ ਕੰਮ ਕਰਨ ਵਾਲਿਆਂ ਲਈ ਵੀ ਆਪਣੀ ਫ਼ਰਮ ਨੂੰ ਰਜਿਸਟਰ ਕਰਵਾਉਣਾ ਲਾਜ਼ਮੀ ਹੋਵੇਗਾ। ਜ਼ਿਲਾ ਚੋਣ ਅਫ਼ਸਰ ਹਦਾਇਤ ਕੀਤੀ ਕਿ ਕੋਈ ਵੀ ਪ੍ਰਚਾਰ ਸਮੱਗਰੀ ਛਾਪਣ ਤੋਂ ਪਹਿਲਾਂ ਇਹ ਘੋਸ਼ਣਾ ਪੱਤਰ ਲਿਆ ਜਾਵੇ ਕਿ ਇਹ ਚੋਣ ਸਮੱਗਰੀ ਕਿਸ ਵੱਲੋਂ ਅਤੇ ਕਿੰਨੀ ਗਿਣਤੀ ਵਿੱਚ ਛਪਵਾਈ ਜਾ ਰਹੀ ਹੈ।ਉਨਾਂ ਇਹ ਵੀ ਹਦਾਇਤ ਕੀਤੀ ਕਿ ਛਾਪੀ ਗਈ ਪ੍ਰਚਾਰ ਸਮੱਗਰੀ ਦੀ ਖ਼ਰਚੇ ਸਮੇਤ ਸੂਚਨਾ ਜ਼ਿਲਾ ਚੋਣ ਅਫ਼ਸਰ ਦਫ਼ਤਰ ਨੂੰ ਭੇਜਣੀ ਯਕੀਨੀ ਬਣਾਈ ਜਾਵੇ। ਜ਼ਿਲ੍ਹਾ ਚੋਣ ਅਫਸਰ ਨੇ ਸਮੂਹ ਪ੍ਰਿਟਿੰਗ ਪ੍ਰੈਸ ਮਾਲਕਾਂ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਜਿਹੜੀ ਵੀ ਪ੍ਰਿੰਟਿੰਗ ਪ੍ਰੈਸ, ਪ੍ਰਚਾਰ ਸਮੱਗਰੀ ਨੂੰ ਛਾਪੇਗੀ ਉਸ ਵੱਲੋਂ ਬੈਨਰ, ਫ਼ਲੈਕਸ, ਪੋਸਟਰ, ਪੈਂਫਲਿਟ, ਕਿਤਾਬਚੇ ਉੱਪਰ ਆਪਣੀ ਪ੍ਰੈਸ ਦਾ ਨਾਮ ਅਤੇ ਰਜਿਸਟ੍ਰੇਸ਼ਨ ਨੰਬਰ ਛਾਪਣਾ ਵੀ ਲਾਜ਼ਮੀ ਹੋਵੇਗਾ। ਉਨਾਂ ਇਹ ਵੀ ਕਿਹਾ ਕਿ ਪ੍ਰਿੰਟਿੰਗ ਪ੍ਰੈੱਸ ਵੱਲੋਂ ਜਾਤ, ਧਰਮ ਆਦਿ ਵਿਰੁੱਧ ਕੋਈ ਵੀ ਇਤਰਾਜ਼ਯੋਗ ਸਮੱਗਰੀ ਨਹੀਂ ਛਾਪੀ ਜਾਵੇਗੀ। ਉਨਾਂ ਪ੍ਰਿੰਟਿੰਗ ਪ੍ਰੈਸ ਮਾਲਕਾਂ ਨੂੰ ਕਿਹਾ ਕਿ ਜਿਹੜੀ ਪ੍ਰਿੰਟਿੰਗ ਪ੍ਰੈਸ ਦੇ ਮਾਲਕ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਜਾਵੇਗੀ ਉਸ ਨੂੰ ਸੈਕਸ਼ਨ 127 (ਏ) ਤਹਿਤ 06 ਮਹੀਨੇ ਤੱਕ ਦੀ ਕੈਦ ਜਾਂ ਜੁਰਮਾਨਾ ਜਾਂ ਫਿਰ ਦੋਨੋ ਹੀ ਸਜਾਵਾਂ ਦਿੱਤੀਆਂ ਜਾ ਸਕਦੀਆਂ ਹਨ।