ਮੱਧ ਪ੍ਰਦੇਸ਼ ’ਚ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਕਾਰਨ ਸਿੱਖ ’ਤੇ ਪਰਚਾ, ਪ੍ਰਧਾਨ ਧਾਮੀ ਨੇ ਰੱਦ ਕਰਨ ਦੀ ਕੀਤੀ ਮੰਗ

ਅੰਮ੍ਰਿਤਸਰ, 22 ਦਸੰਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੱਧ ਪ੍ਰਦੇਸ਼ ਦੇ ਜਬਲਪੁਰ ਵਿਖੇ ਨਗਰ ਕੀਰਤਨ ਦੌਰਾਨ ਟਰੈਕਟਰ ਉੱਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਲਗਾਉਣ ਕਾਰਨ ਇਕ ਸਿੱਖ ਨੌਜੁਆਨ ’ਤੇ ਕੇਸ ਪਾਉਣ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਕਰੜੀ ਨਿੰਦਾ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਇਹ ਪੁਲਿਸ ਵੱਲੋਂ ਕੀਤੀ ਗਈ ਇਹ ਕਾਰਵਾਈ ਘਟਗਿਣਤੀ ਸਿੱਖਾਂ ਨਾਲ ਵੱਡੀ ਬੇਇਨਸਾਫੀ ਤੇ ਧੱਕਾ ਹੈ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਭਾਰਤ ਬਹੁਧਰਮੀ ਦੇਸ਼ ਹੈ, ਜਿਸ ਵਿਚ ਸੰਵਿਧਾਨ ਅਨੁਸਾਰ ਹਰ ਇਕ ਨੂੰ ਧਾਰਮਿਕ ਅਜ਼ਾਦੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਸਿੱਖਾਂ ਦੇ ਕੌਮੀ ਸ਼ਹੀਦ ਹਨ, ਜਿਨ੍ਹਾਂ ਨੇ ਜੂਨ 1984 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਵਿਰੁੱਧ ਸੰਘਰਸ਼ ਕਰਦਿਆਂ ਸ਼ਹਾਦਤ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਲਗਾਉਣਾ ਗੁਨਾਹ ਨਹੀਂ ਹੈ, ਲਿਹਾਜ਼ਾ ਜਬਲਪੁਰ ਵਿਖੇ ਸਿੱਖ ਨੌਜੁਆਨ ’ਤੇ ਪਾਇਆ ਕੇਸ ਤੁਰੰਤ ਰੱਦ ਕੀਤਾ ਜਾਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਗ੍ਰਹਿ ਮੰਤਰੀ ਸ੍ਰੀ ਨਰੋਤਮ ਮਿਸ਼ਰਾ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਦਖਲ ਦੇ ਕੇ ਬੇਕਸੂਰ ਸਿੱਖ ਨੌਜੁਆਨ ਵਿਰੁੱਧ ਦਰਜ ਕੀਤੇ ਪਰਚੇ ਨੂੰ ਰੱਦ ਕਰਨ ਦੇ ਨਿਰਦੇਸ਼ ਜਾਰੀ ਕਰਨ। ਉਨ੍ਹਾਂ ਮੱਧ ਪ੍ਰਦੇਸ਼ ਦੇ ਪ੍ਰਤੀਨਿਧ ਸਿੱਖਾਂ ਅਤੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਸਮੇਤ ਹੋਰ ਗੁਰਦੁਆਰਾ ਕਮੇਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮਾਮਲੇ ਨੂੰ ਜ਼ੋਰਦਾਰ ਢੰਗ ਨਾਲ ਸਥਾਨਕ ਪੱਧਰ ’ਤੇ ਉਠਾਉਣ ਤਾਂ ਜੋ ਸਿੱਖ ਨੌਜੁਆਨ ਨੂੰ ਇਨਸਾਫ ਮਿਲ ਸਕੇ।