ਆਪ ਦੀ ਸਰਕਾਰ, ਆਪ ਦੇ ਦੁਆਰ” ਮੁਹਿੰਮ ਤਹਿਤ ਦੂਜੇ ਦਿਨ ਲੱਗੇ ਕੈਂਪਾਂ ਦੌਰਾਨ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਵਾਸੀਆਂ ਨੇ ਲਿਆ ਪ੍ਰਸ਼ਾਸਨਿਕ ਸੇਵਾਵਾਂ ਦਾ ਲਾਭ-ਡਿਪਟੀ ਕਮਿਸ਼ਨਰ

  • ਵੱਖ-ਵੱਖ ਪਿੰਡਾਂ ਲੱਗੇ ਕੈਂਪਾਂ ਦੌਰਾਨ ਪ੍ਰਸ਼ਾਸਨਿਕ ਸੇਵਾਵਾਂ ਤੇ ਸਰਾਕਰੀ ਸਕੀਮਾਂ ਦਾ ਲਾਭ ਲੈਣ ਲਈ ਆਈਆਂ 230 ਅਰਜ਼ੀਆਂ
  • ਸਪੈਸ਼ਲ ਕੈਂਪਾਂ ਦੌਰਾਨ ਪ੍ਰਾਪਤ ਯੋਗ ਬਿਨੈ ਪੱਤਰਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕਰਨਾ ਯਕੀਨੀ ਬਣਾਉਣ ਲਈ ਸਬੰਧਿਤ ਅਧਿਕਾਰੀ ਨੂੰ ਦਿੱਤੇ ਨਿਰਦੇਸ਼
  • 08 ਫਰਵਰੀ ਨੂੰ ਜ਼ਿਲ੍ਹੇ ਦੇ 18 ਪਿੰਡਾਂ ਵਿੱਚ ਲੱਗਣਗੇ ਵਿਸ਼ੇਸ ਕੈਂਪ

ਤਰਨ ਤਾਰਨ, 07 ਫਰਵਰੀ : “ਆਪ ਦੀ ਸਰਕਾਰ, ਆਪ ਦੇ ਦੁਆਰ” ਮੁਹਿੰਮ ਤਹਿਤ ਅੱਜ ਜ਼ਿਲ੍ਹਾ ਤਰਨ ਤਾਰਨ ਦੇ ਵੱਖ-ਵੱਖ ਪਿੰਡਾਂ ਵਿੱਚ ਲਗਾਏ ਗਏ 17 ਵਿਸ਼ੇਸ ਕੈਂਪਾਂ ਦੌਰਾਨ ਵੱਡੀ ਗਿਣਤੀ ਵਿੱਚ ਆਮ ਲੋਕਾਂ ਨੇ ਸ਼ਾਮਲ ਹੋ ਕੇ ਪੰਜਾਬ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਤੇ ਪ੍ਰਸ਼ਾਸਨਿਕ ਸੇਵਾਵਾਂ ਦਾ ਲਾਭ ਲਿਆ। ਇਹਨਾਂ ਕੈਂਪਾਂ ਦਾ ਜਾਇਜ਼ਾ ਲੈਣ ਲਈ ਅੱਜ ਹਲਕਾ ਵਿਧਾਇਕ ਖਡੂਰ ਸਾਹਿਬ ਸ੍ਰੀ ਮਨਜਿੰਦਰ ਸਿੰਘ ਲਾਲਪੁਰਾ ਪਿੰਡ ਦਿਓ ਅਤੇ ਹਲਕਾ ਵਿਧਾਇਕ ਖੇਮਕਰਨ ਸ੍ਰੀ ਸਰਵਨ ਸਿੰਘ ਧੁੰਨ ਪਿੰਡ ਡਾਲੀਰੀ ਵਿਖੇ ਵਿਸ਼ੇਸ ਤੌਂਰ ‘ਤੇ ਪਹੁੰਚੇ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਜਾ ਕੇ ਕਰਨ ਲਈ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਅਤੇ ਵਾਰਡਾਂ ਵਿਚ ਕੈਂਪ ਲਗਾਉਣ ਦੀ ਸ਼ੁਰੂਆਤ 06 ਫਰਵਰੀ ਤੋਂ ਹੋ ਚੁੱਕੀ ਹੈ ਅਤੇ ਇਕ ਮਹੀਨੇ ਤੱਕ ਇਹ ਕੈਂਪ ਇਸੇ ਤਰ੍ਹਾਂ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਚਾਰ ਵੈਨਾਂ ਵੱਲੋਂ ਭਲਾਈ ਸਕੀਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ 04 ਸਬ ਡਵੀਜ਼ਨਾਂ ਦੇ 17 ਪਿੰਡਾਂ ਵਿੱਚ ਅੱਜ ਲਗਾਏ ਗਏ ਕੈਂਪਾਂ ਵਿਚ 230 ਸੇਵਾਵਾਂ ਲਈ ਲੋਕਾਂ ਨੇ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦਾ ਉਦੇਸ਼ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਅਤੇ ਇਕ ਛੱਤ ਹੇਠਾਂ ਵੱਖ-ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣਾ, ਲੋਕਾਂ ਦੀਆਂ ਮੁਸ਼ਕਲਾਂ ਸੁਣਨਾ ਅਤੇ ਉਨ੍ਹਾਂ ਦਾ ਮੌਕੇ ’ਤੇ ਹੱਲ ਕਰਨਾ ਹੈ।ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਇਨ੍ਹਾਂ ਸਪੈਸ਼ਲ ਕੈਂਪਾਂ ਦੌਰਾਨ ਪ੍ਰਾਪਤ ਯੋਗ ਬਿਨੈ ਪੱਤਰਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕਰਨਾ ਯਕੀਨੀ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 08 ਫਰਵਰੀ ਨੂੰ ਵੀ ਜ਼ਿਲ੍ਹਾ ਤਰਨ ਤਾਰਨ ਦੀਆਂ ਸਮੂਹ ਸਬ-ਡਵੀਜ਼ਨਾਂ ਵਿੱਚ ਸਵੇਰੇ 10 ਵਜੇ ਤੋਂ 01 ਵਜੇ ਤੱਕ ਪਿੰਡ ਕਲਸੀਆਂ ਖੁਰਦ, ਦੋਦੇ, ਕਾਜ਼ੀਵਾਲ, ਜੌਹਲ ਢਾਏ ਵਾਲਾ, ਸੈਦਪੁਰ, ਸੰਗਵਾਂ, ਗਹਿਰੀ, ਬ੍ਰਾਹਮਪੁਰਾ, ਕੋਟ ਧਰਮ ਚੰਦ ਖੁਰਦ, ਦੁੱਗਰੀ ਵਿਖੇ ਅਤੇ ਬਾਅਦ ਦੁਪਹਿਰ 02 ਤੋਂ 05 ਵਜੇ ਤੱਕ  ਪਿੰਡ ਡੱਲ, ਮੱਲ ਚੱਕ, ਤੁੜ, ਬਾਹਮਣੀ ਵਾਲਾ, ਉੱਬੋਕੇ, ਕਲਸ ਬੁਰਜ, ਕੋਟ ਜਸਪਤ ਜਮਸਤਪੁਰ, ਬਹਿਣੀਵਾਲੀਪੁਰ ਵਿਖੇ ਕੈਂਪ ਲਗਾਏ ਜਾਣਗੇ।ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ।