- ਸਟਾਫ਼ ਅਤੇ ਪਿੰਡ ਵਾਸੀਆਂ ਦੇ ਸਾਂਝੇ ਉਦਮ ਨਾਲ ਭਵਿੱਖ ਲਈ ਸਕੂਲ ਵਿੱਚ ਹੋਰ ਵਧੀਆ ਉਪਰਾਲੇ ਕੀਤੇ ਜਾਣਗੇ: ਹੈਡ ਟੀਚਰ ਰਾਕੇਸ਼ ਸੈਣੀ
ਪਠਾਨਕੋਟ, 05 ਮਾਰਚ : ਪੰਜਾਬ ਸਰਕਾਰ ਵੱਲੋਂ ਸਮਾਰਟ ਸਕੂਲਾਂ ਨੂੰ ਸਮਾਰਟ ਦਿਖ ਦੇਣ ਦੇ ਉਪਰਾਲੇ ਨਾਲ ਲਗਾਤਾਰ ਸਕੂਲ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ। ਇਸੇ ਤਹਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਠਾਕੁਰਪੁਰ ਬਲਾਕ ਨਰੋਟ ਜੈਮਲ ਸਿੰਘ ਨੂੰ ਨਵੇਂ ਕਮਰੇ ਲਈ ਗ੍ਰਾਂਟ ਜਾਰੀ ਹੋਣ ਉਪਰੰਤ ਸਕੂਲ ਮੁਖੀ ਸ੍ਰੀ ਰਾਕੇਸ਼ ਸੈਣੀ ਸਟੇਟ ਅਵਾਰਡੀ ਦੀ ਅਗਵਾਈ ਹੇਠ ਕਮਰੇ ਦੀ ਉਸਾਰੀ ਸ਼ੁਰੂ ਕਰਵਾਈ ਗਈ। ਜਿਸ ਦਾ ਨੀਂਹ ਪੱਥਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਪੰਕਜ ਅਰੋੜਾ ਵੱਲੋਂ ਰੱਖਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਪੰਕਜ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਕਿਸੇ ਕਿਸਮ ਦੀ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ । ਲੋੜਵੰਦ ਸਕੂਲਾਂ ਨੂੰ ਲਗਾਤਾਰ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਕੂਲ ਮੁਖੀ ਇਨ੍ਹਾਂ ਗ੍ਰਾਂਟਾਂ ਨੂੰ ਵਿਭਾਗੀ ਨਿਯਮਾਂ ਅਨੁਸਾਰ ਖ਼ਰਚ ਕਰਨ। ਸਕੂਲ ਮੁਖੀ ਸਟੇਟ ਅਵਾਰਡੀ ਰਾਕੇਸ਼ ਸੈਣੀ ਨੇ ਕਿਹਾ ਕਿ ਸਮੂਹ ਸਟਾਫ਼ ਅਤੇ ਪਿੰਡ ਵਾਸੀਆਂ ਦੇ ਸਾਂਝੇ ਉਦਮ ਨਾਲ ਭਵਿੱਖ ਲਈ ਸਕੂਲ ਵਿੱਚ ਹੋਰ ਵਧੀਆ ਉਪਰਾਲੇ ਕੀਤੇ ਜਾ ਰਹੇ ਤਾਂ ਜੋ ਸਿੱਖਿਆ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਵਿਦਿਆਰਥੀਆਂ ਤੱਕ ਪੁਜਦਾ ਕੀਤਾ ਜਾ ਸਕੇ। ਉਨ੍ਹਾਂ ਨੇ ਇਸ ਸਾਰੀ ਪ੍ਰਕਿਰਿਆ ਲਈ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਸ੍ਰੀ ਹਰਭਗਵੰਤ ਸਿੰਘ, ਉੱਪ ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਡੀਜੀ ਸਿੰਘ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਪੰਕਜ ਅਰੋੜਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆ ਕਿ ਇਨਾਂ ਅਧਿਕਾਰੀਆਂ ਦੀ ਦਿਨ ਰਾਤ ਦੀ ਮਿਹਨਤ ਸਦਕਾ ਜਿਲ੍ਹਾ ਪਠਾਨਕੋਟ ਦੇ ਸਕੂਲਾਂ ਨੂੰ ਉਨ੍ਹਾਂ ਦੀ ਡਿਮਾਂਡ ਮੁਤਾਬਕ ਗ੍ਰਾਂਟਾਂ ਸਮੇਂ ਸਿਰ ਮਿਲ ਰਹੀਆਂ ਹਨ ਅਤੇ ਹਦਾਇਤਾਂ ਅਨੁਸਾਰ ਖਰਚ ਕਰਨ ਲਈ ਸਮੇਂ ਸਮੇਂ ਤੇ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ। ਇਸ ਮੌਕੇ ਸੀਐਚਟੀ ਸ੍ਰੀਮਤੀ ਅੰਜੂ ਬਾਲਾ, ਚੇਅਰਮੈਨ ਸ੍ਰੀਮਤੀ ਜੋਤੀ ਬਾਲਾ, ਸਰਪੰਚ ਸ਼੍ਰੀ ਸਤੀਸ਼ ਕੁਮਾਰ, ਸ੍ਰੀ ਮਤੀ ਪੂਜਾ ਕਾਟਲ, ਮੈਂਬਰ ਸੰਦੀਪ ਸਿੰਘ, ਗੋਲਡੀ ਠਾਕੁਰ, ਕੈਪਟਨ ਅਵਤਾਰ ਸਿੰਘ ਮਾਸਟਰ ਰਾਮ ਲਾਲ, ਪਿੰਡ ਦੀ ਪੰਚਾਇਤ ਸਕੂਲ ਮੈਨੇਜਮੈਂਟ ਕਮੇਟੀ ਅਤੇ ਹੋਰ ਵੀ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।