ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਭਰ ਵਿਚ 29 ਜਨਵਰੀ ਨੂੰ 3 ਘੰਟਿਆਂ ਲਈ ਰੇਲਾਂ ਰੋਕਣ ਦਾ ਫੈਸਲਾ

ਗੁਰਦਾਸਪੁਰ, 7 ਜਨਵਰੀ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਭਰ ਵਿਚ 29 ਜਨਵਰੀ ਨੂੰ 3 ਘੰਟਿਆਂ ਲਈ ਰੇਲਾਂ ਰੋਕਣ ਦਾ ਫੈਸਲਾ ਲਿਆ ਹੈ। ਪੰਜਾਬ ਵਿਚ ਟੋਲ ਪਲਾਜ਼ਿਆਂ ਉਤੇ ਲਗਾਏ ਗਏ ਧਰਨੇ 15 ਜਨਵਰੀ ਨੂੰ ਖਤਮ ਹੋਣਗੇ ਤੇ 29 ਜਨਵਰੀ ਨੂੰ ਪੰਜਾਬ ਭਰ ਵਿਚ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਇਸ ਸਬੰਧੀ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਦੀ ਅਗਵਾਈ ਵਿਚ ਚੌਲਾਂਗ ਟੌਲ ਪਲਾਜ਼ਾ ਵਿਖੇ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਸੰਬੋਧਨ ਕਰਦੇ ਹੋਏ ਪਰਮਜੀਤ ਸਿੰਘ ਭੁੱਲਾ ਨੇ ਕਿਹਾ ਕਿ 29 ਜਨਵਰੀ 2021 ਨੂੰ ਆਰ.ਐਸ.ਐਸ ਅਤੇ ਭਾਜਪਾ ਵਰਕਰਾਂ ਵੱਲੋਂ ਦਿੱਲੀ ਵਿੱਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਟੇਜ ਉਤੇ ਕੀਤੇ ਗਏ ਹਮਲੇ ਦੇ ਵਿਰੋਧ ਵਿਚ 29 ਜਨਵਰੀ ਨੂੰ ਪੰਜਾਬ ਭਰ ਵਿੱਚ ਤਿੰਨ ਘੰਟਿਆਂ ਲਈ ਰੇਲਾਂ ਰੋਕੀਆਂ ਜਾਣਗੀਆਂ। ਇਸ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਵਿੱਚ ਦਿੱਲੀ ਜੰਮੂ ਕਟੜਾ ਐਕਸਪ੍ਰੈਸ-ਵੇ ਦਾ ਕਿਸਾਨਾਂ ਨੂੰ ਇੱਕੋ ਜਿਹਾ ਮੁਆਵਜ਼ਾ ਨਾ ਮਿਲਣ ਦੇ ਰੋਸ ਵਜੋਂ ਗੁਰਦਾਸਪੁਰ ਜ਼ਿਲ੍ਹ ਦੀਆਂ ਟਰੇਨਾ ਅਣਮਿੱਥੇ ਸਮੇਂ ਤੱਕ ਰੋਕੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਕਿਸਾਨਾਂ ਨੂੰ ਬਣਦਾ ਹੱਕ ਨਾ ਮਿਲਣ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨੂੰ ਕਿਸਾਨ ਜਥੇਬੰਦੀ ਕਿਸੇ ਵੀ ਕੀਮਤ ਉਤੇ ਬਰਦਾਸ਼ਤ ਨਹੀਂ ਕਰੇਗੀ। ਇਸ ਮੌਕੇ ਉਤੇ ਪਰਮਜੀਤ ਭੁੱਲਾ ਨੇ ਕਿਹਾ ਕਿ ਪੰਜਾਬ ਭਰ ਦੇ ਟੋਲ ਪਲਾਜ਼ਿਆਂ ਉਤੇ ਲਗਾਏ ਗਏ ਧਰਨੇ 15 ਜਨਵਰੀ ਨੂੰ ਹਾਈ ਕਮਾਨ ਦੇ ਆਦੇਸ਼ਾਂ ਅਨੁਸਾਰ ਖ਼ਤਮ ਕਰ ਦਿੱਤੇ ਜਾਣਗੇ। ਉਨ੍ਹਾਂ ਟੋਲ ਪਲਾਜਾ ਕਰਮਚਾਰੀਆਂ ਦੇ ਮਾਲਕਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇੱਕ ਮਹੀਨਾ ਬੰਦ ਰਹੇ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਦੀ ਤਨਖਾਹ ਦਿੱਤੀ ਜਾਵੇ,।