1925 ਦਾ ਗੁਰਦੁਆਰਾ ਐਕਟ ਨਾ ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਪਰ ਲਾਗੂ ਹੁੰਦਾ ਹੈ ਅਤੇ ਨਾ ਹੀ ਜੱਥੇਦਾਰਾਂ ਉੱਪਰ : 5 ਮੈਂਬਰੀ ਕਮੇਟੀ 

ਅੰਮ੍ਰਿਤਸਰ, 23 ਫਰਵਰੀ 2025 : ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵਿੱਚਾਲੇ ਛਿੜਿਆ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਮੈਂਬਰਸ਼ਿਪ ਡਰਾਇਵ ਉੱਪਰ ਨਜ਼ਰ ਰੱਖਣ ਵਾਲੀ 7 ਮੈਂਬਰੀ ਕਮੇਟੀ ਦੇ 5 ਮੈਂਬਰਾਂ ਨੇ ਅੰਮ੍ਰਿਤਸਰ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਤੋਂ ਬਾਅਦ ਕਮੇਟੀ ਮੈਂਬਰਾਂ ਨੇ ਕਿਹਾ ਕਿ 1925 ਦਾ ਗੁਰਦੁਆਰਾ ਐਕਟ ਨਾ ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਪਰ ਲਾਗੂ ਹੁੰਦਾ ਹੈ ਅਤੇ ਨਾ ਹੀ ਜੱਥੇਦਾਰਾਂ ਉੱਪਰ।ਅਜਿਹੀ ਸਥਿਤੀ ਤੋਂ ਬਾਅਦ ਹੁਣ ਗੁਰਦੁਆਰਾ ਐਕਟ ਅਤੇ ਜੱਥੇਦਾਰਾਂ ਦੇ ਅਧਿਕਾਰ ਖੇਤਰ ਤੇ ਨਵਾਂ ਵਿਵਾਦ ਛਿੜ ਗਿਆ ਹੈ। ਦਰਅਸਲ ਬੀਤੇ ਦਿਨ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਅੰਤ੍ਰਿੰਗ ਕਮੇਟੀ ਵੱਲੋਂ ਦਿੱਤੇ ਬਿਆਨ ਤੇ ਹੈਰਾਨੀ ਪ੍ਰਗਟ ਕੀਤੀ ਸੀ। ਅੰਗਰੇਜ਼ੀ ਹਕੂਮਤ ਦੌਰਾਨ ਗੁਰੂਧਾਮਾਂ ਉੱਪਰ ਮਹੰਤਾਂ ਅਤੇ ਹੋਰਨਾਂ ਲੋਕਾਂ ਦਾ ਕਬਜ਼ਾ ਹੋ ਗਿਆ ਸੀ। ਜਿਸ ਤੋਂ ਬਾਅਦ ਗੁਰੂ ਘਰਾਂ ਵਿੱਚ ਮਰਿਯਾਦਾ ਦਾ ਪਾਲਣ ਨਹੀਂ ਸੀ ਕੀਤਾ ਜਾਂਦਾ। ਗੁਰੂ ਘਰਾਂ ਵਿੱਚ ਮੂਰਤੀਆਂ ਦੀ ਪੂਜਾ ਹੋਣ ਲੱਗ ਪਈ ਸੀ। ਜਿਸ ਦੇ ਵਿਰੋਧ ਵਿੱਚ ਸਿੱਖਾਂ ਨੇ ਅਵਾਜ਼ ਬੁਲੰਦ ਕੀਤੀ। ਸਿੱਖਾਂ ਨੇ ਗੁਰਦੁਆਰਾ ਸੁਧਾਰ ਲਹਿਰ ਚਲਾਈ ਅਤੇ ਕਈ ਮੋਰਚੇ ਵੀ ਲੱਗੇ। ਜਿਸ ਵਿੱਚ ਹਜ਼ਾਰਾਂ ਹੀ ਸਿੱਖਾਂ ਨੂੰ ਆਪਣੀ ਜਾਨ ਦੀ ਕੁਰਬਾਨੀਆਂ ਦੇਣੀਆਂ ਪਈਆਂ। ਜਿਸ ਤੋਂ ਬਾਅਦ ਅੰਗਰੇਜ਼ਾਂ ਨੂੰ ਗੁਰੂਘਰਾਂ ਦੀ ਸੇਵਾ ਸੰਭਾਲ ਅਤੇ ਪ੍ਰਬੰਧ ਸਿੱਖਾਂ ਦੇ ਹੱਥਾਂ ਵਿੱਚ ਦੇਣਾ ਪਿਆ। ਜਿਸ ਦੇ ਲਈ ਇੱਕ ਕਾਨੂੰਨ ਬਣਾਇਆ ਗਿਆ। ਜਿਸ ਨੂੰ ਗੁਰਦੁਆਰਾ ਐਕਟ ਕਿਹਾ ਜਾਂਦਾ ਹੈ। ਇਹ ਐਕਟ 1925 ਵਿੱਚ ਪਾਸ ਹੋਇਆ। ਜਿਸ ਤੋਂ ਬਾਅਦ ਸਿੱਖ ਚੋਣਾਂ ਲਈ ਆਪਣੇ ਨੁਮਾਇੰਦੇ ਚੁਣ ਸਕਦੇ ਸੀ। ਇਸੇ ਐਕਟ ਦੇ ਤਹਿਤ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੁੰਦੀਆਂ ਹਨ। ਜਿਸ ਵਿੱਚ ਸਿੱਖਾਂ ਵੱਲੋਂ ਚੁਣੇ ਗਏ ਨੁਮਾਇੰਦੇ ਸ਼੍ਰੋਮਣੀ ਕਮੇਟੀ ਦੇ ਇਜਲਾਸ ਵਿੱਚ ਸ਼ਾਮਿਲ ਹੁੰਦੇ ਹਨ। ਜਿੱਥੇ ਪ੍ਰਧਾਨ ਅਤੇ ਹੋਰਨਾਂ ਅਹੁਦੇਦਾਰਾਂ ਦੀ ਚੋਣ ਕੀਤੀ ਜਾਂਦੀ ਹੈ। ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਲਾਉਂਦੇ ਹਨ। ਮੌਜੂਦ ਸਮੇਂ ਵਿੱਚ ਹਰਜਿੰਦਰ ਸਿੰਘ ਧਾਮੀ ਇਸ ਕਮੇਟੀ ਦੇੇ ਪ੍ਰਧਾਨ ਹਨ ਪਰ ਉਹਨਾਂ ਨੇ ਪਿਛਲੇ ਦਿਨੀਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।