
ਬਟਾਲਾ, 28 ਫਰਵਰੀ 2025 : ਡਾ. ਅਮਰੀਕ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨਾਂ ਨੂੰ ਫਸਲਾਂ ਦੀ ਕਾਸ਼ਤ ਲਈ ਲੋੜੀਂਦੀਆਂ ਖਾਦਾਂ ਮੁਹੱਈਆ ਕਰਵਾਉਣ ਦੇ ਮੰਤਵ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਖਾਦਾਂ ਦੀ ਸੈਂਪਲਿੰਗ, ਕਾਲਾਬਜ਼ਾਰੀ ਅਤੇ ਜਮਾਂਖੋਰੀ ਰੋਕਣ ਲਈ ਦੁਕਾਨਾਂ ਅਤੇ ਗੋਦਾਮਾਂ ਦੀ ਨਿਰੰਤਰ ਚੈਕਿੰਗ ਕੀਤੀ ਜਾ ਰਹੀ ਹੈ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ ਖੇਤੀ ਸਮੱਗਰੀ ਡੀਲਰਸ਼ਿਪ ਦੇ ਲਾਇਸੰਸ ਜਾਰੀ ਕਰਨ ਦੀ ਸਮੁੱਚੀ ਪ੍ਰੀਕਿਰਿਆ ਆਨਲਾਈਨ ਕਰ ਦਿੱਤੀ ਗਈ ਹੈ ਤਾਂ ਜੋਂ ਹੁੰਦੀ ਖੱਜਲ ਖਰਾਬੀ ਖਤਮ ਕੀਤੀ ਜਾ ਸਕੇ। ਉਨਾਂ ਦੱਸਿਆ ਕਿ ਖਾਦਾਂ , ਕੀਟਨਾਸ਼ਕ ਅਤੇ ਬੀਜਾਂ ਦੇ ਲਾਇਸੰਸ ਲੈਣ ਦੇ ਇੱਛੁਕ ਬੇਰੁਜਗਾਰ ਨੌਜਵਾਨ ਆਪਣੇ ਬਿਨੈਪਤਰ ਸਮੇਤ ਸਾਰੇ ਕਾਗਜਾਤ ਆਨਲਾਈਨ ਪੋਰਟਲ ਤੇ ਦਰਜ ਕਰਨੇ ਹੋਣਗੇ । ਉਨਾਂ ਦੱਸਿਆ ਕਿ ਲਾਇਸੰਸ ਲਈ ਪੂਰੇ ਕਾਗਜਾਤ ਤਸਦੀਕ ਕਰਨ ਉਪਰੰਤ ਲਾਇਸੰਸ ਆਨਲਾਈਨ ਬਿਨੈਕਾਰ ਕੋਲ ਪਹੁੰਚ ਜਾਵੇਗਾ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ ਖੇਤੀ ਮਾਹਿਰਾਂ ਨਾਲ ਸੰਪਰਕ ਬਣਾ ਕੇ ਰੱਖਣ ਤਾਂ ਜੋਂ ਖੇਤੀ ਲਾਗਤ ਖਰਚੇ ਘਟਾ ਕੇ ਖੇਤੀ ਆਮਦਨ ਵਧਾਈ ਜਾ ਸਕੇ। ਉਨਾਂ ਖਾਦ ਵਿਕ੍ਰੇਤਾਵਾਂ ਨੂੰ ਹਦਾਇਤ ਕੀਤੀ ਕਿ ਪੌਸ ਮਸ਼ੀਨਾਂ ਵਿੱਚ ਮੌਜੂਦ ਵਿਕਰੀ ਕੀਤੀ ਖਾਦ ਦਾ ਸਟਾਕ ਨਾਲੋ ਨਾਲ ਨਿਲ ਕੀਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਪੌਸ ਮਸ਼ੀਨਾਂ ਅਤੇ ਦੁਕਾਨ ਤੇ ਅਣਵਿਕੀ ਖਾਦ ਦਾ ਸਟਾਕ ਇਕਸਾਰ ਹੋਵੇ। ਉਨਾਂ ਸਮੂਹ ਡੀਲਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਲਾਇਸੰਸ ਅਤੇ ਹੋਰ ਜਰੂਰੀ ਦਸਤਾਵੇਜ ਪੂਰੇ ਕਰਕੇ ਰੱਖਣ ਅਤੇ ਇਸ ਵਿੱਚ ਕਿਸੇ ਵੀ ਤਰ੍ਹਾ ਦੀ ਕੁਤਾਹੀ ਨਾ ਵਰਤੀ ਜਾਵੇ ਅਤੇ ਖਾਦ ਦੀ ਹੋਈ ਵਿਕਰੀ ਦਾ ਸਟਾਕ ਪੋਸ ਮਸ਼ੀਨਾਂ ਵਿਚੋਂ ਰੋਜਾਨਾ ਕਢਿਆ ਜਾਵੇ ਤਾਂ ਖਾਦ ਦੀ ਸਪਲਾਈ ਵਿਚ ਕੋਈ ਵਿਘਨ ਨਾ ਪਵੇ । ਉੁਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਖਾਦ, ਕੀਟਨਾਸ਼ਕ ਰਸਾਇਣ ਜਾਂ ਬੀਜ ਖਰੀਦਣ ਸਮੇਂ ਦੁਕਾਨਦਾਰ ਤੋਂ ਬਿੱਲ ਜ਼ਰੂਰ ਲੈਣ ਅਤੇ ਜੇਕਰ ਕੋਈ ਡੀਲਰ ਬਿੱਲ ਦੇਣ ਤੋਂ ਇਨਕਾਰੀ ਹੁੰਦਾ ਹੈ ਤਾਂ ਉਸ ਦੀ ਲਿਖਤੀ ਤੌਰ ’ਤੇ ਸ਼ਿਕਾਇਤ ਸਬੰਧਤ ਖੇਤੀਬਾੜੀ ਅਧਿਕਾਰੀ ਜਾਂ ਮੁੱਖ ਖੇਤੀਬਾੜੀ ਅਫਸਰ ਨੂੰ ਕਰਨ।