- ਵਿਦਿਆਰਥੀਆਂ ਨੂੰ ਨੌਕਰੀ ਲੱਭਣ ਨਾਲੋਂ ਨੌਕਰੀ ਦੇਣ ਵਾਲਾ ਬਣਨਾ ਚਾਹੀਦਾ ਹੈ:- ਪ੍ਰਿੰਸੀਪਲ ਬਲਵਿੰਦਰ ਸਿੰਘ
ਬਟਾਲਾ, 7 ਸਤੰਬਰ : ਵਿਦਿਆਰਥੀਆਂ ਨੂੰ ਸਵੈ-ਰੋਜ਼ਗਾਰ ਵੱਲ ਪ੍ਰੇਰਿਤ ਕਰਨ ਦੇ ਮੰਤਵ ਨਾਲ ਪ੍ਰਿੰਸੀਪਲ ਬਲਵਿੰਦਰ ਸਿੰਘ ਦੀ ਯੋਗ ਅਗਵਾਈ ਅਤੇ ਕਾਲਜ ਦੇ ਪਲੇਸਮੈਂਟ ਅਫਸਰ ਜਸਬੀਰ ਸਿੰਘ ਦੀ ਦੇਖਰੇਖ ਹੇਠ ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਵਿਖੇ ਸਨ ਫਾਉਂਡੇਸ਼ਨ ਨਾਲ ਤਾਲਮੇਲ ਕਰਦਿਆਂ ਉਦਮਿਤਾ ਜਾਗਰੂਕਤਾ ਕੈਂਪ ਲਗਵਾਇਆ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਨੌਕਰੀ ਲੱਭਣ ਨਾਲੋਂ ਨੌਕਰੀ ਦੇਣ ਵਾਲਾ ਬਣਨ ਲਈ ਪ੍ਰੇਰਿਤ ਕੀਤਾ । ਉਨ੍ਹਾਂ ਕਿਹਾ ਕਿ ਭਾਵੇਂ ਆਪਣਾ ਡਿਪਲੋਮਾ ਪੂਰਾ ਕਰਨ ਵਾਲੇ ਜਿਆਦਾਤਰ ਵਿਦਿਆਰਥੀ ਨੌਕਰੀ ਕਰਨਾ ਚਾਹੁੰਦੇ ਹਨ ਪਰ ਫੇਰ ਵੀ ਉਨ੍ਹਾਂ ਨੂੰ ਸਵੈ-ਰੋਜ਼ਗਾਰ ਦੇ ਵਿਕਲਪ ਬਾਰੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ ਅਤੇ ਵਿਦਿਆਰਥੀਆਂ ਨੂੰ ਸਰਕਾਰ ਵੱਲੋੰ ਚਲਾਈਆਂ ਜਾਣ ਵਾਲੀਆਂ ਸਵੈ-ਰੋਜਗਾਰ ਸਬੰਧੀ ਸਕੀਮਾਂ ਦਾ ਲਾਭ ਲੈਣਾ ਚਾਹੀਦਾ ਹੈ। ਨੇ ਕਿਹਾ ਕਿ ਸਵੈ-ਰੋਜਗਾਰ ਨਾਲ ਵਿਦਿਆਰਥੀ ਆਪਣੇ ਨਾਲ ਹੋਰਾਂ ਲਈ ਵੀ ਰੋਜਗਾਰ ਦੇ ਵਿਕਲਪ ਪੈਦਾ ਕਰ ਸਕਦੇ ਹਨ । ਵਿਦਿਆਰਥੀਆਂ ਵਿੱਚ ਉੱਦਮਤਾ ਦੇ ਹੁਨਰ ਦੀ ਬਹੁਤ ਲੋੜ ਹੈ ਅਤੇ ਵਿਦਿਆਰਥੀਆਂ ਨੂੰ ਸਮਾਂ ਰਹਿੰਦਿਆਂ ਹੀ ਆਪਣੇ ਵਿੱਚ ਉਹ ਸਾਰੇ ਬਦਲਾਅ ਲਿਆਉਣੇ ਚਾਹੀਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦਾ ਆਉਣ ਵਾਲਾ ਭਵਿੱਖ ਉਜਵਲ ਬਣ ਸਕੇ । ਸਨ ਫ਼ਾਉਂਡੇਸ਼ਨ ਤੋਂ ਆਏ ਮਾਹਰ ਸੁਨੀਲ ਕੁਮਾਰ ਨੇ ਵਿਦਿਆਰਥੀਆਂ ਨੂੰ ਸਵੈ-ਰੁਜ਼ਗਾਰ ਵੱਲ ਜਾਣ ਲਈ ਉਦਾਹਰਨਾਂ ਦੇ ਕੇ ਪ੍ਰੇਰਿਤ ਕੀਤਾ । ਉਨ੍ਹਾਂ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ ਅਤੇ ਸਰਕਾਰ ਵੱਲੋਂ ਮਿਲਣ ਵਾਲੀਆਂ ਵੱਖ ਵੱਖ ਸਹੂਲਤਾਂ ਅਤੇ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ । ਉਨ੍ਹਾਂ ਦੱਸਿਆ ਕਿ ਕਿਵੇਂ ਅੱਜ ਦਾ ਇੱਕ ਵਿਦਿਆਰਥੀ ਸਵੈ-ਰੋਜ਼ਗਾਰ ਦੀ ਚੋਣ ਕਰਕੇ ਆਪਣਾ ਭਵਿੱਖ ਸੁਨਹਿਰਾ ਬਣਾ ਸਕਦਾ ਹੈ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹੋਰਨਾਂ ਸਕੀਮਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ । ਪ੍ਰੋਗਰਾਮ ਦੇ ਅੰਤ ਵਿੱਚ ਪਲੇਸਮੈੰਟ ਅਫਸਰ ਜਸਬੀਰ ਸਿੰਘ ਨੇ ਕਾਲਜ ਦੇ ਪਲੇਸਮੈਂਟ ਸੈੱਲ ਅਤੇ ਵਿਦਿਆਰਥੀਆਂ ਵੱਲੋਂ ਆਏ ਹੋਏ ਮਾਹਿਰ ਦਾ ਇਸ ਕੈਂਪ ਦੇ ਆਯੋਜਨ ਲਈ ਧੰਨਵਾਦ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਵਿਦਿਆਰਥੀ ਪ੍ਰੋਗਰਾਮ ਦੌਰਾਨ ਮਿਲੀ ਜਾਣਕਾਰੀ ਦਾ ਪੂਰਾ ਲਾਭ ਲੈਣਗੇ । ਇਸ ਪ੍ਰੋਗਰਾਮ ਦੌਰਾਨ ਕਾਲਜ ਦੇ ਵਿਦਿਆਰਥੀਆਂ ਤੋਂ ਇਲਾਵਾ ਲੈਕਚਰਾਰ ਸ਼ਾਲਿਨੀ ਮਹਾਜਨ, ਰੇਖਾ, ਰੰਜੂ ਸਲਹੋਤਰਾ, ਪ੍ਰੋਗਰਾਮ ਅਫਸਰ ਤੇਜ ਪ੍ਰਤਾਪ ਸਿੰਘ ਕਾਹਲੋਂ ਵੀ ਹਾਜਰ ਸਨ ।