- ਗਰੂਕਤਾ ਲਈ ਕਰਵਾਏ ਜਾਣਗੇ ਨਾਟਕ
ਅੰਮ੍ਰਿਤਸਰ, 5 ਮਾਰਚ : ਅੰਮ੍ਰਿਤਸਰ ਜਿਲ੍ਹੇ ਵਿਚੋਂ ਭੀਖ ਦੀ ਲਾਹਨਤ ਨੂੰ ਖਤਮ ਕਰਨ ਲਈ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਖਤੀ ਦੇ ਨਾਲ-ਨਾਲ ਸ਼ਹਿਰ ਵਾਸੀਆਂ ਦਾ ਸਾਥ ਵੀ ਲਿਆ ਜਾਵੇਗਾ। ਇਸ ਕੰਮ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਥਾਂ-ਥਾਂ ਨੁੱਕੜ ਨਾਟਕ ਕਰਵਾਏ ਜਾਣਗੇ। ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਇਸ ਤੋਂ ਪਹਿਲਾਂ ਜਿਲ੍ਹਾ ਸਮਾਜ ਕਲਿਆਣ ਵਿਭਾਗ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮਦਦ ਨਾਲ ਸ਼ਹਿਰ ਦੇ ਮੁੱਖ ਚੌਕ ਜਿੱਥੇ ਕਿ ਭੀਖ ਦੀ ਸਮੱਸਿਆ ਜ਼ਿਆਦਾ ਹੈ, ਵਿਖੇ ਭੀਖ ਮੰਗਦੇ ਲੋਕਾਂ ਦੀ ਉਮਰ, ਰਾਜ, ਲੋੜਾਂ ਆਦਿ ਦੇ ਵੇਰਵੇ ਇਕੱਠੇ ਕੀਤੇ ਹਨ। ਡਿਪਟੀ ਕਮਿਸ਼ਨਰ ਨੇ ਵਿਭਾਗ ਦੇ ਜਿਲਾ ਅਧਿਕਾਰੀ ਸ੍ਰੀ ਪਲਸ ਸ੍ਰੇਸ਼ਟਾ ਨੂੰ ਇਸ ਬਾਬਤ ਹਦਾਇਤ ਦਿੰਦੇ ਕਿਹਾ ਕਿ ਸ਼ਹਿਰ ਵਿਚ ਉਹ ਸਥਾਨ ਜਿੰਨਾ ਸਥਾਨਾਂ ਉਤੇ ਭੀਖ ਦੀ ਸਮੱਸਿਆ ਸਭ ਤੋ ਵੱਧ ਹੈ ਨੂੰ ਤਰਜੀਹੀ ਅਧਾਰ ਉਤੇ ਇਸ ਕੰਮ ਲਈ ਚੁਣਿਆ ਜਾਵੇ। ਉਨਾਂ ਦੱਸਿਆ ਕਿ ਮੰਤਰਾਲੇ ਦੀ ਸਹਾਇਤਾ ਨਾਲ ਇਕ ਨੁੱਕੜ ਨਾਟਕ ਟੀਮ ਤਿਆਰ ਕੀਤੀ ਗਈ ਹੈ, ਜੋ ਕਿ ਸ਼ਹਿਰ ਵਿਚ ਵੱਖ ਵੱਖ ਥਾਵਾਂ ਉਤੇ ਭੀਖ ਦੇ ਮਾੜੇ ਪ੍ਰਭਾਵਾਂ ਤੋਂ ਜਾਣੂੰ ਕਰਵਾਉਣ ਲਈ ਆਪਣੀ ਕਲਾ ਨਾਲ ਲੋਕਾਂ ਨੂੰ ਜਾਗਰੂਕ ਕਰੇਗੀ। ਉਨਾਂ ਕਿਹਾ ਕਿ ਇਸ ਮੁਹਿੰਮ ਤੋਂ ਮਗਰੋਂ ਅਗਲੀ ਰਣਨੀਤੀ ਤਿਆਰ ਕੀਤੀ ਜਾਵੇ, ਜਿਸ ਵਿਚ ਭੀਖ ਮੰਗਦੇ ਬੱਚਿਆਂ ਦੇ ਮੁੜ ਵਸੇਬੇ ਦੇ ਪ੍ਰਬੰਧ ਕੀਤੇ ਜਾਣ। ਉਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੜਕਾਂ ਤੇ ਚੁਰਾਹਿਆਂ ਵਿਚ ਬੈਠੇ ਭਿਖਾਰੀਆਂ ਨੂੰ ਦਾਨ ਦੇ ਕੇ ਭੀਖ ਨੂੰ ਉਤਸ਼ਾਹਿਤ ਨਾ ਕਰਨ, ਬਲਕਿ ਜੇਕਰ ਦਾਨ ਦੇਣਾ ਹੈ ਤਾਂ ਰੈਡ ਕਰਾਸ ਤੱਕ ਪਹੁੰਚ ਕਰੋ, ਜਿੱਥੇ ਕਿ ਸਹੀ ਲੋੜਵੰਦਾਂ ਦੀ ਸ਼ਨਾਖਤ ਕਰਕੇ ਸਹਾਇਤਾ ਕਰਨ ਦਾ ਮੁਕੰਮਲ ਪ੍ਰਬੰਧ ਹੈ।