ਅੰਮ੍ਰਿਤਸਰ 10 ਜੁਲਾਈ 2024 : ਕੈਬਨਿਟ ਮੰਤਰੀ ਪੰਜਾਬ ਸ ਹਰਭਜਨ ਸਿੰਘ ਈਟੀਓ ਨੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਪੁਲਿਸ ਵੱਲੋਂ ਨਸ਼ੇ ਦੇ ਸਮਗਲਰਾਂ ਨੂੰ ਨੱਥ ਪਾਉਣ ਦੇ ਨਾਲ- ਨਾਲ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਦੇ ਉਪਰਾਲੇ ਸ਼ੁਰੂ ਕੀਤੇ ਗਏ ਹਨ, ਉਸ ਤੋਂ ਇਹ ਆਸ ਲਗਾਈ ਜਾ ਸਕਦੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਨਸ਼ਿਆਂ ਦੇ ਕੋਹੜ ਤੋਂ ਮੁਕਤ ਹੋ ਜਾਵੇਗਾ। ਅੱਜ ਬੰਡਾਲਾ ਵਿਖੇ ਪੰਜਾਬ ਪੁਲਿਸ ਵੱਲੋਂ ਕਰਵਾਏ ਗਏ ਵਾਲੀਬਾਲ ਟੂਰਨਾਮੈਂਟ, ਜਿਸ ਦਾ ਉਦੇਸ਼ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਸੀ, ਦੀ ਸ਼ੁਰੂਆਤ ਕਰਦੇ ਸ ਹਰਭਜਨ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਸੁਪਨਾ ਉਲੀਕੀ ਬੈਠੇ ਹਨ ਅਤੇ ਇਹ ਸੁਪਨਾ ਤਾਂ ਹੀ ਪੂਰਾ ਹੋ ਸਕਦਾ ਹੈ ਜੇਕਰ ਪੰਜਾਬ ਦਾ ਜਵਾਨ, ਕਿਸਾਨ, ਵਪਾਰੀ, ਉਦਯੋਗਪਤੀ ਗੱਲ ਕੀ ਹਰੇਕ ਵਰਗ ਖੁਸ਼ਹਾਲ ਹੋਵੇ। ਉਨਾ ਕਿਹਾ ਕਿ ਆਰਥਿਕ ਖੁਸ਼ਹਾਲੀ ਦੇ ਨਾਲ-ਨਾਲ ਸਾਡੀ ਕੁਰਾਹੇ ਪਈ ਨੌਜਵਾਨ ਪੀੜੀ ਜੋ ਕਿ ਨਸ਼ਿਆਂ ਦੇ ਰੂਪ ਵਿੱਚ ਜਹਿਰ ਲੈ ਰਹੀ ਹੈ, ਨੂੰ ਰੋਕਣ ਦੇ ਉਪਰਾਲੇ ਵੀ ਸ਼ੁਰੂ ਕੀਤੇ ਗਏ ਹਨ । ਉਹਨਾਂ ਦੱਸਿਆ ਕਿ ਹੁਣ ਕੇਵਲ ਪੰਜਾਬ ਪੁਲਿਸ ਨਸ਼ਾ ਸਮਗਲਰਾਂ ਕੋਲੋਂ ਨਸ਼ਾ ਹੀ ਬਰਾਮਦ ਨਹੀਂ ਕਰ ਰਹੀ ਬਲਕਿ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਵੀ ਜਬਤ ਕਰ ਰਹੀ ਹੈ। ਇਸ ਤੋਂ ਇਲਾਵਾ ਖੇਡਾਂ ਵਰਗੇ ਉਪਰਾਲੇ ਪੰਜਾਬ ਪੁਲਿਸ ਨੇ ਸ਼ੁਰੂ ਕੀਤੇ ਹਨ , ਜਿਸ ਦੇ ਚੰਗੇ ਨਤੀਜੇ ਭਵਿੱਖ ਵਿੱਚ ਮਿਲਣਗੇ । ਉਹਨਾਂ ਨਾਲ ਇਸ ਮੌਕੇ ਡੀਐਸਪੀ ਜੰਡਿਆਲਾ ਗੁਰੂ, ਥਾਣਾ ਮੁਖੀ ਜੰਡਿਆਲਾ ਗੁਰੂ ਅਤੇ ਇਲਾਕੇ ਦੇ ਮੋਹਤਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।