ਸ਼੍ਰੋਮਣੀ ਕਮੇਟੀ ਚੋਣਾਂ ਲਈ ਬੀਬੀ ਜਗੀਰ ਕੌਰ ਨੇ ਪੇਸ਼ ਕੀਤਾ ਮੈਨੀਫੈਸਟੋ 

ਜਲੰਧਰ : ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਅਕਾਲੀ ਦਲ ਵਿਚੋਂ ਮੁਅੱਤਲ ਆਗੂ ਬੀਬੀ ਜਗੀਰ ਕੌਰ ਨੇ ਕਿਹਾ  ਹੈ ਕਿ ਸ਼੍ਰੋਮਣੀ ਕਮੇਟੀ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ ਇਸ ਕੰਮਕਾਜ ਅਤੇ ਰੋਲ ਨੂੰ ਸਹੀ ਮਾਅਨਿਆਂ ਵਿੱਚ ਨੁਮਾਇੰਦਾ ਜੱਥੇਬੰਦੀ ਵਜੋਂ ਚਲਾ ਕੇ ਪੰਥਕ ਏਕਤਾ ਲਈ ਮਾਹੌਲ ਸਿਰਜਣਾ ਅਤੇ ਪਲੇਟਫਾਰਮ ਤਿਆਰ ਕਰਨਾ  ਉਹਨਾਂ ਦਾ ਏਜੰਡਾ ਹੈ।  ਉਹਨਾਂ ਜਲੰਧਰ ਪ੍ਰੈਸ ਕਲੱਬ ਵਿਚ ਪ੍ਰੈਸ ਕਾਨਫਰੰਸ ਕਰ ਕੇ ਆਪਣਾ ਏਜੰਡਾ ਪੇਸ਼ ਕੀਤਾ ਹੈ।
ਪੜ੍ਹੋ ਪੂਰਾ ਵੇਰਵਾ : 
ਕੁਝ ਸਾਂਝੇ ਕੌਮੀ ਮੁੱਦਿਆਂ ਉੱਤੇ, ਜਿਵੇਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ, ਉੱਤੇ ਸਿਆਸੀ ਵਖਰੇਵਿਆਂ ਦੇ ਬਾਵਜੂਦ ਵੱਖ ਵੱਖ ਸਿੱਖ ਧਿਰਾਂ ਨੂੰ ਇਕੱਠਾ ਕਰਨਾ । ਇਸ ਕਾਰਜ ਲਈ ਗ਼ੈਰ ਰਾਜਨੀਤਕ ਪਰ ਪ੍ਰਮੁੱਖ ਸਿੱਖ ਹਸਤੀਆਂ ਅਤੇ ਕਾਰਕੁਨਾਂ ਨੂੰ ਵੀ ਇਨ੍ਹਾਂ ਯਤਨਾਂ ਵਿਚ ਸ਼ਾਮਿਲ ਕਰਨਾ । ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਤੇ ਪਹਿਰਾ ਦੇਣਾ ਤਾਂ ਕਿ ਪੰਥ ਵਿੱਚ ਦੁਫੇੜ ਪੈਦਾ ਕਰਨ ਵਾਲੀਆਂ ਸ਼ਕਤੀਆਂ ਨੂੰ ਅਸਫਲ ਕੀਤਾ ਜਾ ਸਕੇ । ਪਿਛਲੇ ਕੁਝ ਸਾਲਾਂ ਵਿੱਚ ਸ਼੍ਰੋਮਣੀ ਕਮੇਟੀ ਅਤੇ ਪੰਥ ਵਿਚਲੇ ਵਿਦਵਾਨ ਸੱਜਣਾਂ ਵਿਚਾਲੇ ਦੂਰੀ ਵਧੀ ਹੈ । ਬਹੁਤ ਸਾਰੇ ਸੁਹਿਰਦ ਵਿਦਵਾਨਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਕੰਮਾਂ ਕਾਜਾਂ ਦੀ ਕੀਤੀ ਜਾਂਦੀ ਆਲੋਚਨਾ ਨੂੰ ਕਮੇਟੀ ਦੇ ਵਿਰੋਧੀਆਂ ਵਜੋਂ ਨਹੀਂ ਲੈਣਾ ਚਾਹੀਦਾ ਅਸਲ ਵਿੱਚ ਬਹੁਤਿਆਂ ਵੱਲੋਂ ਇਹ ਆਲੋਚਨਾ ਵੀ ਪੰਥਕ ਪਿਡ਼ ਦੇ ਵਿੱਚ ਖੜੋ ਕੇ ਕੀਤੀ ਗਈ ਸੀ ਅਤੇ ਕੀਤੀ ਜਾ ਰਹੀ ਹੈ । 
ਉਹਨਾਂ ਕਿਹਾ ਕਿ ਮੇਰਾ ਯਤਨ ਹੋਵੇਗਾ ਕਿ ਇਨ੍ਹਾਂ ਸੁਹਿਰਦ ਵਿਦਵਾਨਾਂ ਅਤੇ ਪੰਥਕ ਸੋਚ ਨਾਲ ਓਤਪੋਤ ਬੁੱਧੀਜੀਵੀਆਂ ਤਕ ਖ਼ੁਦ ਪਹੁੰਚ ਕੀਤੀ ਜਾਵੇ ਤਾਂ ਕਿ ਉਨ੍ਹਾਂ ਦੀ ਸਮਰੱਥਾ ਅਤੇ ਸ਼੍ਰੋਮਣੀ ਕਮੇਟੀ ਦੀ ਹਸਤੀ ਅਤੇ ਸਮਰੱਥਾ ਨੂੰ ਰਲਾ ਕੇ ਕੌਮ ਸਾਹਮਣੇ ਦਰਪੇਸ਼ ਮਸਲਿਆਂ ਨੂੰ ਮੁਖਾਤਬ ਹੋਇਆ ਜਾਵੇ ਤਾਂ ਕਿ ਨਤੀਜੇ ਹਾਸਲ ਕਰਨ ਵੱਲ ਵਧਿਆ ਜਾ ਸਕੇ। ਜੇ ਕਿਸੇ ਵਿਦਵਾਨ ਨੇ ਪਹਿਲਾਂ ਮੇਰੀ ਜ਼ਾਤੀ ਆਲੋਚਨਾ ਕੀਤੀ ਵੀ ਹੋਵੇ ਤਾਂ ਵੀ ਪੰਥਕ ਕਾਰਜਾਂ ਲਈ ਉਨ੍ਹਾਂ ਤੱਕ ਪਹੁੰਚ ਕਰਨ ਲਈ ਇਹ ਬਿਲਕੁਲ ਕੋਈ ਅੜਿੱਕਾ ਨਹੀਂ ਹੋਏਗੀ ਕਿਉਂਕਿ ਮੈਂ ਉਨ੍ਹਾਂ ਦੀ ਹਮਾਇਤ ਆਪਣੇ ਨਿੱਜ ਲਈ ਨਹੀਂ, ਕੌਮੀ ਹਿੱਤਾਂ ਲਈ ਲੈਣੀ ਹੋਵੇਗੀ। ਉਹਨਾਂ ਕਿਹਾ ਕਿ ਸਿੱਖ ਇਤਿਹਾਸਕ ਵਿਰਾਸਤ ਦੀ ਸਾਂਭ ਸੰਭਾਲ ਬਹੁਤ ਜ਼ਰੂਰੀਹੈ।  ਉਹਨਾਂ ਕਿਹਾ ਕਿ  ਪਹਿਲਾਂ ਹੀ ਬਹੁਤ ਸਾਰੀ ਵਿਰਾਸਤ ਦਾ ਨੁਕਸਾਨ ਹੋ ਚੁੱਕਿਆ ਹੈ ਪਰ ਬਤੌਰ ਸ਼੍ਰੋਮਣੀ ਕਮੇਟੀ ਪ੍ਰਧਾਨ ਮੇਰਾ ਹਰ ਯਤਨ ਹੋਵੇਗਾ ਕਿ ਸਿੱਖ ਇਤਿਹਾਸ ਨਾਲ ਸਬੰਧਤ ਬਚੀਆਂ ਨਿਸ਼ਾਨੀਆਂ ਅਤੇ ਵਿਰਾਸਤ ਨੂੰ ਉਨ੍ਹਾਂ ਦੇ ਵੱਧ ਤੋਂ ਵੱਧ ਮੂਲ ਰੂਪ ਵਿੱਚ ਸਾਂਭਿਆ ਜਾਵੇ ਤੇ ਇਸ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਹੈਰੀਟੇਜ ਕਮਿਸ਼ਨ ਵੀ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਜਦੋਂ ਅਸੀਂ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦਾ ਇਤਿਹਾਸ ਪੜ੍ਹਦੇ ਹਾਂ ਪਰ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਅਕਾਲੀ ਦਲ ਦੀ ਸਥਾਪਨਾ ਸ਼੍ਰੋਮਣੀ ਕਮੇਟੀ ਦੁਆਲੇ ਸੁਰੱਖਿਆ ਵਾੜ ਵਜੋਂ ਕੀਤੀ ਗਈ ਸੀ ਅਤੇ ਇਸ ਦੀ ਸਹਾਇਤਾ ਲਈ ਸੀ। ਵੈਸੇ ਵੀ ਮੀਰੀ ਪੀਰੀ ਦੇ ਸੁਮੇਲ ਵਿੱਚ ਧਰਮ ਦੀ ਉੱਤਮਤਾ ਹੈ ਤਾਂ ਕਿ ਸਿਆਸਤ ਉਸ ਮੁਤਾਬਕ ਚੱਲ ਕੇ ਨਿਆਂਕਾਰੀ ਹੋ ਸਕੇ । ਧਰਮ ਮੁਤਾਬਕ ਚੱਲਦੀ ਸਿਆਸਤ ਹੀ ਗ਼ਰੀਬ ਦੀ ਰੱਖਿਆ ਅਤੇ ਜਰਵਾਣੇ ਦੀ ਭਖਿਆ ਦੇ ਉਦੇਸ਼ ਨੂੰ ਪੂਰਾ ਕਰ ਸਕਦੀ ਹੈ । ਮੇਰੀ ਕੋਸ਼ਿਸ਼ ਇਹੀ ਹੋਵੇਗੀ ਕਿ ਧਰਮ ਤੇ ਸਿਆਸਤ ਦੇ ਇਸ ਸੁਮੇਲ ਵਿੱਚ ਧਰਮ ਦੀ ਉੱਤਮਤਾ ਹੋਵੇ, ਸਿਆਸਤ ਧਰਮ ਮੁਤਾਬਕ ਚੱਲੇ ਨਾ ਕਿ ਧਰਮ ਨੂੰ ਸਿਆਸੀ ਲੋਡ਼ਾਂ ਮੁਤਾਬਕ ਚਲਾਇਆ ਜਾਵੇ।
ਉਹਨਾਂ ਕਿਹਾ ਕਿ ਹਾਲਾਂਕਿ ਸੁਪਰੀਮ ਕੋਰਟ ਦੇ ਤਾਜ਼ਾ ਫ਼ੈਸਲੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਦਾ ਦਾਇਰਾ ਹੋਰ ਸੁੰਗੜ ਗਿਆ ਹੈ ਪਰ ਮੇਰੀ ਇਹ ਕੋਸ਼ਿਸ਼ ਹੋਵੇਗੀ ਕਿ ਸ਼੍ਰੋਮਣੀ ਕਮੇਟੀ ਨੂੰ ਵਾਕਈ ਸਮੁੱਚੇ ਪੰਥ ਦੀ ਨੁਮਾਇੰਦਾ ਜਥੇਬੰਦੀ ਬਣਾਉਣ ਲਈ ਵਿਦੇਸ਼ਾਂ ਅਤੇ ਦੇਸ਼ ਦੇ ਹੋਰ ਸੂਬਿਆਂ ਵਿਚਲੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਜਾਬ ਵਿਚਲੀਆਂ ਗੁਰਦੁਆਰਾ ਕਮੇਟੀਆਂ ਅਤੇ ਪ੍ਰਮੁੱਖ ਸਿੱਖ ਸੰਸਥਾਵਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਵੀ ਸ਼੍ਰੋਮਣੀ ਕਮੇਟੀ ਦੇ ਨਾਲ ਲਿਆ ਜਾਵੇ ਤਾਂ ਕਿ ਨਾ ਸਿਰਫ ਪੰਥ ਦੇ ਅੰਦਰ ਬਿਹਤਰ ਤਾਲਮੇਲ ਪੈਦਾ ਕੀਤਾ ਜਾ ਸਕੇ ਸਗੋ ਸਾਂਝੀ ਪੰਥਕ ਸ਼ਕਤੀ ਵਜੋਂ ਉਭਾਰਿਆ ਜਾਵੇ। ਸ਼੍ਰੋਮਣੀ ਕਮੇਟੀ ਨੇ ਕਾਫ਼ੀ ਮਹੱਤਵਪੂਰਨ ਸਿੱਖ ਸਾਹਿਤ ਛਾਪਿਆ ਅਤੇ ਵੰਡਿਆ ਹੈ ਜਿਸ ਵਿਚ ਨਾ ਸਿਰਫ ਲਾਗਤ ਮੁੱਲ ਤੇ ਕਿਤਾਬਾਂ ਉਪਲਬਧ ਕਰਾਈਆਂ ਗਈਆਂ ਸਗੋਂ ਬਹੁਤ ਸਾਰਾ ਮੁਫ਼ਤ ਲਿਟਰੇਚਰ ਵੀ ਵੰਡਿਆ ਗਿਆ ਪਰ ਪਿਛਲੇ ਕੁਝ ਸਾਲਾਂ ਵਿੱਚ ਕਈ ਸਾਰੀਆਂ ਮਹੱਤਵਪੂਰਨ ਪ੍ਰਕਾਸ਼ਨਾਵਾਂ ਜਾਂ ਤਾਂ ਦੁਬਾਰਾ ਛਾਪੀਆ ਹੀ ਨਹੀਂ ਜਾ ਰਹੀਆਂ ਤੇ ਜਾਂ ਉਨ੍ਹਾਂ ਨੂੰ ਵੱਡੇ ਪੱਧਰ ਤੇ ਉਭਾਰਨ ਲਈ ਵੱਡਾ ਹੰਭਲਾ ਨਹੀਂ ਮਾਰਿਆ ਗਿਆ। ਵਿਦਵਾਨ ਸੱਜਣਾਂ ਦੀ ਸਲਾਹ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਹੀ ਪ੍ਰਕਾਸ਼ਤ ਮਹੱਤਵਪੂਰਨ ਕਿਤਾਬਾਂ ਅਤੇ ਕਿਤਾਬਚਿਆਂ ਨੂੰ ਹੋਰ ਭਾਸ਼ਾਵਾਂ ਵਿੱਚ ਉਲੱਥਾ ਕਰਵਾ ਕੇ ਪ੍ਰਚਾਰਨ ਅਤੇ ਪ੍ਰਸਾਰਤ ਕਰਨ ਲਈ ਨਿੱਗਰ ਯਤਨ ਕੀਤੇ ਜਾਣਗੇ। ਇਸ ਕਾਰਜ ਲਈ ਡਿਜੀਟਲ ਸਾਧਨਾਂ।/ਪਲੈਟਫਾਰਮ ਦੀ ਵੀ ਢੁੱਕਵੀਂ ਵਰਤੋਂ ਕੀਤੀ ਜਾਵੇਗੀ । ਗੈਰ ਸਿੱਖਾਂ ਵਿੱਚ ਸਿੱਖੀ ਪ੍ਰਤੀ ਅਤੇ ਸਿੱਖ ਆਦਰਸ਼ਾਂ ਲਈ ਕਿੰਨੀ ਖਿੱਚ ਹੋ ਸਕਦੀ ਹੈ ਇਹ ਕਿਸਾਨ ਅੰਦੋਲਨ ਦੌਰਾਨ ਬੜੀ ਚੰਗੀ ਤਰ੍ਹਾਂ ਜ਼ਾਹਰ ਹੋਇਆ ਲੋਕਾਂ ਦੇ ਵਿਚ ਸਿੱਖੀ ਅਤੇ ਸਿੱਖਾਂ ਪ੍ਰਤੀ ਜਾਨਣ ਲਈ ਤਾਂਘ ਹੈ ਮਹੱਤਵਪੂਰਨ ਸਿੱਖ ਸਾਹਿਤ ਦੇ ਉਲੱਥੇ ਰਾਹੀਂ ਲੋਕਾਂ ਵਿਚਲੀ ਇਸ ਤਾਂਘ ਤੱਕ ਪਹੁੰਚਿਆ ਜਾਵੇਗਾ। ਪਿਛਲੇ ਕਈ ਸਾਲਾਂ ਵਿੱਚ ਸਿੱਖਾਂ ਖ਼ਿਲਾਫ਼ ਝੂਠੇ ਬਿਰਤਾਂਤ ਸਿਰਜੇ ਗਏ । ਇਹ ਧਾਰਮਕ, ਸਮਾਜਕ ਅਤੇ ਰਾਜਨੀਤਕ ਹਰ ਤਰ੍ਹਾਂ ਦੇ ਨੇ। ਸੁਹਿਰਦ ਸਿੱਖ ਹਲਕੇ ਇਨ੍ਹਾਂ ਬਿਰਤਾਂਤਾਂ ਦਾ ਆਪੋ ਆਪਣੇ ਪੱਧਰ ਤੇ ਟਾਕਰਾ ਕਰਨ ਦਾ ਯਤਨ ਕਰਦੇ ਰਹੇ ਨੇ ਇਸ ਕਾਰਜ ਵਿੱਚ ਲੱਗੇ ਜਾਂ ਇਸ ਨੂੰ ਜਾਣਨ ਵਾਲੇ ਸੱਜਣਾਂ ਅਤੇ ਜੱਥੇ ਬੰਦੀਆ ਨਾਲ ਤਾਲਮੇਲ ਕਰਕੇ ਤੇ ਉਨ੍ਹਾਂ ਨੂੰ ਸਹਿਯੋਗ ਦੇ ਕੇ ਜਾਂ ਉਨ੍ਹਾਂ ਤੋਂ ਸਹਿਯੋਗ ਲੈ ਕੇ ਨਾ ਸਿਰਫ਼ ਇਨ੍ਹਾਂ ਝੂਠੇ ਬਿਰਤਾਂਤਾਂ ਨੂੰ ਟੱਕਰ ਦਿੱਤੇ ਜਾਣ ਦੀ ਕੋਸ਼ਿਸ਼ ਕੀਤੀ ਜਾਵੇਗੀ ਸਗੋਂ ਸਹੀ ਬਿਰਤਾਂਤ ਨੂੰ ਲੋਕਾਂ ਤੱਕ ਪੁਚਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਮੈਨੂੰ ਲੱਗਦਾ ਹੈ ਕਿ ਜੇ ਸ਼੍ਰੋਮਣੀ ਕਮੇਟੀ ਇਸ ਦਿਸ਼ਾ ਵੱਲ ਇੱਕ ਕਦਮ ਵੀ ਪੁੱਟੇਗੀ ਤਾਂ ਇਸ ਕਾਰਜ ਵਿੱਚ ਲੱਗੀਆਂ ਸੁਹਿਰਦ ਸਿੱਖ ਸੰਸਥਾਵਾਂ ਅਤੇ ਹੋਰ ਵਿਅਕਤੀਗਤ ਪੱਧਰ ਤੇ ਕੰਮ ਕਰ ਰਹੇ ਸੱਜਣ ਬਹੁਤ ਭਰਵਾਂ ਸਹਿਯੋਗ ਦੇਣਗੇ। ਲੋੜ ਸ਼੍ਰੋਮਣੀ ਕਮੇਟੀ ਵੱਲੋਂ ਸੁਹਿਰਦ ਅਤੇ ਸ਼ਿੱਦਤ ਭਰੀ ਪਹਿਲ ਦੀ ਹੋਵੇਗੀ। ਇਸ ਤਾਲਮੇਲ ਲਾਲ ਕੌਮੀ ਸਮਰੱਥਾ ਵਿੱਚ ਅਥਾਹ ਵਾਧਾ ਹੋ ਸਕਦਾ।

ਸਿੱਖਾਂ ਖਿਲਾਫ ਹੁੰਦੇ ਨਫਰਤੀ ਪ੍ਰਚਾਰ ਨੂੰ ਠੱਲ੍ਹਣ ਲਈ ਹਰ ਯਤਨ ਕਰਨਾ । ਸ਼੍ਰੋਮਣੀ ਕਮੇਟੀ ਦੀ ਵਿੱਤੀ ਹਾਲਤ ਕੋਈ ਚੰਗੀ ਨਹੀਂ ਹੈ ਤੇ ਕੋਵਿਡ ਦੌਰਾਨ ਇਹ ਕਾਫ਼ੀ ਗੰਭੀਰ ਹੋ ਗਈ। ਇਹ ਯਤਨ ਰਹੇਗਾ ਕਿ ਸੰਗਤ ਦੇ ਇਕ ਇਕ ਪੈਸੇ ਦੀ ਸੁਯੋਗ ਵਰਤੋਂ ਹੋਵੇ ਤੇ ਸ਼੍ਰੋਮਣੀ ਕਮੇਟੀ ਦੇ ਵਿੱਤੀ ਪ੍ਰਬੰਧ ਹੋਰ ਸੁਧਾਰਿਆ ਜਾ ਸਕੇ।

ਪਿੱਛੇ ਜਿਹੇ ਸੰਗਤ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਕੁਝ ਕੁ ਥਾਵਾਂ ਤੇ ਆਪਣੀ ਮਲਕੀਅਤ ਵਾਲੀ ਜ਼ਮੀਨ ਵੇਚਣ ਦਾ ਕਾਫੀ ਵਿਰੋਧ ਹੋਇਆ। ਜੇ ਮੈਨੂੰ ਸੇਵਾ ਦਾ ਮੌਕਾ ਮਿਲਦਾ ਹੈ ਤਾਂ ਇਹੀ ਕੋਸ਼ਿਸ਼ ਹੋਵੇਗੀ ਕਿ ਸ਼੍ਰੋਮਣੀ ਕਮੇਟੀ ਦੀ ਜਾਇਦਾਦ ਜਿਹੜੀ ਅਸਲ ਵਿੱਚ ਸਮੁੱਚੇ ਪੰਥ ਦੀ ਮਲਕੀਅਤ ਹੈ ਉਸ ਵਿੱਚ ਵਾਧਾ ਤਾਂ ਹੋਵੇ ਪਰ ਉਹ ਘਟੇ ਨਾ।

ਗੁਰਦੁਆਰਾ ਪ੍ਰਬੰਧ ਦੀ ਮੂਲ ਤਾਕਤ ਨਾਨਕ ਨਾਮਲੇਵਾ ਸੰਗਤ ਵੱਲੋਂ ਕੀਤੀ ਜਾਂਦੀ ਨਿਸ਼ਕਾਮ ਸੇਵਾ ਹੈ ਇਸ ਨੂੰ ਹੋਰ ਉਤਸ਼ਾਹਤ ਕੀਤਾ ਜਾਵੇਗਾ । ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਸਿਰਫ਼ ਉਨ੍ਹਾਂ ਦੀ ਕਾਰਜਕੁਸ਼ਲਤਾ ਅਤੇ ਇਮਾਨਦਾਰੀ ਦੀ ਕਸਵੱਟੀ ਤੇ ਹੀ ਪਰਖਿਆ ਜਾਵੇਗਾ ।

ਅਕਾਲ ਤਖ਼ਤ ਦੇ ਨਿਰਦੇਸ਼ਾਂ ਮੁਤਾਬਕ ਸ਼੍ਰੋਮਣੀ ਕਮੇਟੀ ਦਾ ਆਪਣਾ ਗੁਰਬਾਣੀ ਚੈਨਲ ਵੀ ਸ਼ੁਰੂ ਕੀਤਾ ਜਾਵੇਗਾ ।

ਗੁਰਦੁਆਰਾ ਪ੍ਰਬੰਧ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦਾ ਮੂਲ ਉਦੇਸ਼ ਧਰਮ ਪ੍ਰਚਾਰ ਹੈ, ਇਸ ਉਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਰਵਾਇਤੀ ਤਰੀਕਿਆਂ ਤੋਂ ਇਲਾਵਾ ਤਕਨੀਕੀ ਤਰੀਕਿਆਂ ਦੀ ਵੀ ਸੁਯੋਗ ਵਰਤੋਂ ਵਧਾਈ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਆਪਣੇ ਪ੍ਰਚਾਰਕਾਂ ਤੋਂ ਇਲਾਵਾ ਹੋਰ ਪ੍ਰਚਾਰਕਾਂ ਨਾਲ ਵੀ ਤਾਲਮੇਲ ਕਰਕੇ ਇਸ ਲਹਿਰ ਨੂੰ ਵੱਡਾ ਹੁਲਾਰਾ ਦਿੱਤਾ ਜਾਵੇਗਾ ।

ਸ਼੍ਰੋਮਣੀ ਕਮੇਟੀ ਦੇ ਵੱਖੋ ਵੱਖਰੇ ਸੇਵਾ ਕਾਰਜਾਂ ਜਿਵੇਂ ਸਿੱਖਿਆ ਅਤੇ ਸਿਹਤ ਲਈ ਵੱਖ ਵੱਖ ਖੇਤਰਾਂ ਵਿੱਚ ਉੱਘਾ ਯੋਗਦਾਨ ਪਾ ਚੁੱਕੇ ਸਿੱਖਾਂ ਦੀ ਸਲਾਹ ਅਤੇ ਸੇਵਾਵਾਂ ਲਈਆਂ ਜਾਣਗੀਆਂ ।

ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਵਿੱਦਿਅਕ ਸੰਸਥਾਵਾਂ ਦੇ ਗੁਣਾਤਮਕ ਵਿਕਾਸ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਤਾਂ ਕਿ ਅਗਲੇ ਕੁਝ ਸਾਲਾਂ ਵਿਚ ਇਹ ਉੱਚ ਵੱਕਾਰੀ ਸੰਸਥਾਵਾਂ ਬਣ ਸਕਣ ।

ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਯੋਗ ਅਵਾਜ਼ ਉਠਾਉਣ ਤੋਂ ਇਲਾਵਾ ਇਸ ਖੇਤਰ ਵਿੱਚ ਪਹਿਲਾਂ ਹੀ ਕੰਮ ਕਰ ਰਹੇ ਵਕੀਲ ਸਾਹਿਬਾਨ ਉੱਤੇ ਕਾਰਕੁਨਾਂ ਨਾਲ ਵੀ ਤਾਲਮੇਲ ਰੱਖਿਆ ਜਾਏਗਾ।
ਸੌਦਾ ਸਾਧ ਦੇ 2007 ਵਾਲੇ ਸਵਾਂਗ ਰਚਣ ਵਾਲੇ ਕੇਸ ਤੋਂ ਲੈ ਕੇ ਬੇਅਦਬੀ ਦੇ ਕੇਸਾਂ ਤੱਕ ਸ਼੍ਰੋਮਣੀ ਕਮੇਟੀ ਦੇ ਜਿਸ ਤਰ੍ਹਾਂ ਦੇ ਵੀ ਰੋਲ ਨਿਭਾਉਣ ਦੀ ਲੋੜ ਹੋਈ ਉਹ ਯਕੀਨੀ ਬਣਾਇਆ ਜਾਵੇਗਾ। ਇਹ ਰੋਲ ਆਪਣੀ ਪਹਿਲਕਦਮੀ ਦਾ ਵੀ ਹੋ ਸਕਦਾ ਹੈ ਤੇ ਪਹਿਲਾਂ ਹੀ ਲੜ ਰਹੇ ਗੁਰਸਿੱਖਾਂ ਦੀ ਯੋਗ ਹਮਾਇਤ ਅਤੇ ਸਹਿਯੋਗ ਦਾ ।