ਕੌਮੀ ਅੱਖਾਂ ਦਾ ਦਾਨ ਪੰਦਰਵਾੜੇ ਤਹਿਤ ਅੱਖਾਂ ਦੇ ਦਾਨ ਬਾਰੇ ਕੀਤਾ ਜਾਗਰੂਕ

ਤਰਨ ਤਾਰਨ, 29 ਅਗਸਤ 2024 : ਸਿਵਲ ਸਰਜਨ ਤਰਨਤਾਰਨ ਡਾ.ਗੁਰਪ੍ਰੀਤ ਸਿੰਘ ਰਾਏ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ, ਕਸੇਲ,  ਡਾ. ਜਤਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਵੀਰਵਾਰ ਨੂੰ ਕਮਿਊਨਿਟੀ ਸਿਹਤ ਕੇਂਦਰ ਕਸੇਲ ਵਿਖੇ ਅੱਖਾਂ ਦੇ ਦਾਨ ਸਬੰਧੀ ਚੱਲ ਰਹੇ ਕੌਮੀ ਅੱਖਾਂ ਦਾ ਦਾਨ ਪੰਦਰਵਾੜੇ ਤਹਿਤ ਮੈਡੀਕਲ ਅਫਸਰ ਅਮਨਦੀਪ ਸਿੰਘ ਵੱਲੋਂ ਸਿਹਤ ਕੇਂਦਰ ਵਿਖੇ ਆਏ ਮਰੀਜ਼ਾਂ ਅਤੇ ਸਟਾਫ ਮੈਂਬਰਾਂ ਨੂੰ ਮੌਤ ਉਪਰੰਤ ਅੱਖਾਂ ਦੇ ਦਾਨ ਬਾਰੇ ਜਾਗਰੂਕ ਕੀਤਾ। ਇਸ ਮੌਕੇ ਡਾਕਟਰ ਅਮਨਦੀਪ ਸਿੰਘ ਨੇ ਕਿਹਾ ਕਿ ਅੱਖਾਂ ਦਾ ਦਾਨ ਮਹਾਂ ਦਾਨ ਹੁੰਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਦੀ ਮਹੱਤਤਾ ਸਮਝਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਖਾਂ ਦੇ ਦਾਨ ਸਬੰਧੀ ਪੰਦਰਵਾੜਾ 25 ਅਗਸਤ ਤੋਂ ਸ਼ੁਰੂ ਹੋ ਕੇ 8 ਸਤੰਬਰ ਤੱਕ ਮਨਾਇਆ ਜਾਂਦਾ ਹੈ ਅਤੇ ਜੇਕਰ ਕੋਈ ਵਿਅਕਤੀ ਮਰਨ ਉਪਰੰਤ ਆਪਣੀਆਂ ਅੱਖਾਂ ਦਾ ਦਾਨ ਕਰਨਾ ਚਾਹੁੰਦਾ ਹੈ ਤਾਂ ਆਪਣੇ ਨਜ਼ਦੀਕੀ ਸਰਕਾਰੀ ਹਸਪਤਾਲ ਨਾਲ ਸੰਪਰਕ ਕਰੇ। ਉਹਨਾਂ  ਕਿਹਾ ਕਿ ਮੌਤ ਤੋਂ 6 ਤੋਂ 8 ਘੰਟਿਆਂ ਤੱਕ ਅੱਖਾਂ ਦਾ ਦਾਨ ਕੀਤਾ ਜਾ ਸਕਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਕਿਸੇ ਤਰਾਂ ਦਾ ਵਹਿਮ ਭਰਮ ਨਾ ਕਰਦਿਆਂ ਇਸ ਦਾਨ ਨੂੰ ਕਰਕੇ ਸਹੀ ਅਰਥਾਂ ਵਿੱਚ ਪੁੰਨ ਕਮਾਉਣਾ ਚਾਹੀਦਾ ਹੈ। ਅਪਥਾਲਮਿਕ ਅਫਸਰ, ਬਲਵਿੰਦਰ ਸਿੰਘ ਬਾਠ  ਨੇ ਕਿਹਾ ਕਿ ਹੁਣ ਤੱਕ ਕਾਫੀ ਸਕੂਲਾਂ ਵਿਚ ਅੱਖਾਂ ਦੇ ਦਾਨ ਸਬੰਧੀ ਸੈਮੀਨਾਰ ਲਗਾਏ ਗਏ ਹਨ ਅਤੇ ਵੱਡੀ ਗਿਣਤੀ ਵਿੱਚ ਵਿਿਦਆਰਥੀਆਂ ਵੱਲੋਂ ਅੱਖਾਂ ਦਾਨ ਕਰਨ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਮੇਂ ਦੇ ਹਾਣੀ ਬਣਦਿਆਂ ਸਾਨੂੰ ਅੱਖਾਂ ਦੇ ਦਾਨ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ। ਬਲਾਕ ਐਜੂਕੇਟਰ,  ਨਵੀਨ ਕਾਲੀਆ ਨੇ ਕਿਹਾ ਕਿ ਇਕ ਵਿਅਕਤੀ ਦੇ ਅੱਖਾਂ ਦੇ ਦਾਨ ਨਾਲ ਦੋ ਵਿਅਕਤੀਆਂ ਦੇ ਜੀਵਨ ਵਿੱਚ ਦੇਖਣ ਦੀ ਸ਼ਕਤੀ ਆ ਸਕਦੀ ਹੈ ਅਤੇ ਸਾਨੂੰ ਵੱਧ ਚੜ੍ਹ ਕੇ ਇਸ ਦਾਨ ਲਈ ਅੱਗੇ ਆਉਣਾ ਚਾਹੀਦਾ ਹੈ।ਉਨ੍ਹਾਂ ਫੀਲਡ ਸਟਾਫ ਨੂੰ ਪੰਦਰਵਾੜੇ ਸਬੰਧੀ ਆਪਣੇ ਆਪਣੇ ਪਿੰਡਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਕਿਹਾ। ਇਸ ਮੌਕੇ ਓਪਥਾਲਮਿਕ ਅਫਸਰ ਬਲਵਿੰਦਰ ਸਿੰਘ ਬਾਠ, ਰੇਡੀਓਗ੍ਰਾਫਰ ਅਮਨਜੀਤ ਸਿੰਘ, ਫਾਰਮੇਸੀ ਅਫਸਰ ਰਾਹੁਲ ਅਰੋੜਾ, ਪਰਮਜੀਤ ਸਿੰਘ ਮੌਜੂਦ ਰਹੇ।