ਅੰਮ੍ਰਿਤਸਰ, 1 ਜੁਲਾਈ : ਪਾਕਿਸਤਾਨ ਦੇ ਪ੍ਰਾਂਤ ਸਿੰਧ ਦੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਪਹਿਲੀ ਸ੍ਰੀ ਗੁਰੂ ਨਾਨਕ ਦੇਵ ਜੀ ਵਿੱਚ ਚੱਲਦੇ ਕੀਰਤਨ ਨੂੰ ਰੋਕਣਾ, ਰਾਗੀਆਂ, ਪਾਠੀਆਂ ਅਤੇ ਸਿੱਖਾਂ ਵਿਰੁੱਧ ਸਖ਼ਤ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਤੇ ਤਿਖੇ ਰੋਸ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਕਿਹਾ ਉਥੋਂ ਦੇ ਕੁੱਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਸਿੱਖ ਧਰਮ ਵਿੱਚ ਸਿੱਧਾ ਦਖਲ ਹੀ ਨਹੀਂ ਦਿੱਤਾ ਗਿਆ ਸਗੋਂ ਧਰਮ ਅਸਥਾਨ ਦਾ ਅਪਮਾਨ ਵੀ ਕੀਤਾ ਹੈ। ਉਨ੍ਹਾਂ ਭਾਰਤ ਸਰਕਾਰ ਨੂੰ ਪਾਕਿਸਤਾਨ ਵਿਚ ਸਿੱਖਾਂ ਤੇ ਹੋ ਰਹੇ ਹਮਲਿਆਂ ਸਬੰਧੀ ਸਖ਼ਤ ਨੋਟਿਸ ਲੈਣ ਲਈ ਕਿਹਾ ਹੈ ਅਤੇ ਇਨ੍ਹਾਂ ਹਮਲਿਆਂ ਨੂੰ ਰੋਕਣ ਲਈ ਮੂਹਰੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਦੇ ਵੱਖ-ਵੱਖ ਪ੍ਰਾਤਾਂ ਵਿੱਚ ਪੁਰਾਣੇ ਸਮੇਂ ਤੋਂ ਸਿੱਖ ਵਸ ਰਹੇ ਹਨ ਪਰ ਆਏ ਦਿਨ ਸਿੱਖਾਂ ਨੂੰ ਗੁੰਡਾ ਅਨਸਰਾਂ ਵੱਲੋਂ ਗੋਲੀਆਂ ਨਾਲ ਮਾਰਿਆ ਜਾ ਰਿਹਾ ਹੈ। ਸਿੱਖਾਂ ਦੇ ਧਰਮ ਅਸਥਾਨਾਂ ਤੇ ਹਮਲੇ ਕੀਤੇ ਜਾ ਰਹੇ ਹਨ। ਅਜੇ ਪਿਛਲੇ ਦਿਨੀ ਪਖਤੂਨਖਣਾ ਦੇ ਪਿਛਾਵਰ ਸ਼ਹਿਰ ਵਿਚ ਦੋ ਸਿੱਖਾਂ ਤੇ ਗੋਲੀਆਂ ਨਾਲ ਹਮਲਾ ਕੀਤਾ ਗਿਆ ਜਿਸ ਵਿਚੋਂ ਸ. ਮਨਮੋਹਣ ਸਿੰਘ ਮੌਕੇ ਤੇ ਮਾਰਿਆ ਗਿਆ ਸੀ। ਹੁਣ ਸਿੰਧ ਵਿੱਚ ਜੋ ਹਮਲਾ ਹੋਇਆ ਹੈ ਉਸ ਨੇ ਸਪੱਸ਼ਟ ਕਰ ਦਿਤਾ ਹੈ ਕਿ ਇਹ ਹਮਲੇ ਸਰਕਾਰੀ ਸ਼ਹਿ ਤੇ ਹੋ ਰਹੇ ਹਨ ਪੀੜਤਾਂ ਦੀਆਂ ਸ਼ਕਾਇਤਾਂ ਨਹੀਂ ਸੁਣੀਆਂ ਜਾ ਰਹੀਆਂ ਸਗੋਂ ਥਾਣੇ ਵਿਚ ਸਿੱਖ ਪੀੜਤਾਂ ਵਿਰੁੱਧ ਹੀ ਕਾਰਵਾਈ ਕਰਨ ਦੀਆਂ ਧਮਕੀਆਂ ਦਿਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਪਾਕਿਸਤਾਨ ਸਰਕਾਰ ਘੱਟ ਗਿਣਤੀਆਂ ਦੀ ਰਖਵਾਲੀ ਕਰਨ ਵਿਚ ਸਹੀ ਦਿਸ਼ਾ ਵਿਚ ਕੰਮ ਨਹੀਂ ਕਰ ਰਹੀ। ਜਿਸ ਤੇ ਉਨ੍ਹਾਂ ਗਹਿਰਾ ਦੁਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਬਹੁਤੇ ਸਿੱਖ ਤਾਂ ਏਸੇ ਦੁਖਾਂਤ ਕਾਰਨ ਪਾਕਿਸਤਾਨ ਦੇ ਵੱਖ ਵੱਖ ਸ਼ਹਿਰਾਂ ਵਿਚੋਂ ਹਿਜ਼ਰਤ ਕਰ ਕੇ ਭਾਰਤ ਆ ਰਹੇ ਹਨ। ਭਾਰਤ ਵਿੱਚ ਡਿਬੜੂਗੜ੍ਹ ਜੇਲ੍ਹ ਵਿੱਚ ਵਾਪਰੀ ਘਟਨਾ ਤੇ ਬਾਬਾ ਬਲਬੀਰ ਸਿੰਘ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਜੇਲ੍ਹ ਵਿੱਚ ਬੰਦ ਅੰਮ੍ਰਿਤਧਾਰੀ ਸਿੱਖਾਂ ਨੂੰ ਭੋਜਨ ਵਿੱਚ ਤੰਬਾਕੂ ਮਲਾ ਕੇ ਦੇਣਾ ਅਤਿ ਦਰਜੇ ਦੀ ਜਲਾਲਤ ਭਰੀ ਕਾਰਵਾਈ ਹੈ। ਉਨ੍ਹਾਂ ਇਸ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਬੰਧਤ ਸਰਕਾਰਾਂ ਤੁਰੰਤ ਸਿੱਧਾ ਦਖ਼ਲ ਦੇਣ।