ਸਰਕਾਰੀ ਬਹੁਤਕਨੀਕੀ ਕਾਲਜ,ਦੀਨਾਨਗਰ ਵਿਖੇ ਸੈਸ਼ਨ 2024-25 ਲਈ ਦਾਖਲਾ ਰਜਿਸਟ੍ਰੇਸ਼ਨ ਸ਼ੁਰੂ

  • ਪਹਿਲੇ ਰਾਊਂਡ ਦੀ ਆਨਲਾਈਨ ਰਜਿਸਟ੍ਰੇਸ਼ਨ ਦੀ ਆਖ਼ਰੀ ਮਿਤੀ 05 ਜੁਲਾਈ 

ਗੁਰਦਾਸਪੁਰ, 02 ਜੁਲਾਈ, 2024 : ਸਰਕਾਰੀ ਬਹੁਤਕਨੀਕੀ ਕਾਲਜ, ਦੀਨਾਨਗਰ ਵਿਖੇ ਸੈਸ਼ਨ 2024-25 ਦੇ ਦਾਖ਼ਲਿਆਂ ਲਈ ਪਹਿਲੇ ਰਾਊਂਡ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਇਸ ਕਾਲਜ ਵਿਖੇ ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ, ਚੰਡੀਗੜ੍ਹ ਦੇ ਦਾਖਲਾ ਸ਼ਡਿਊਲ ਅਨੁਸਾਰ ਪਹਿਲੇ ਰਾਊਂਡ ਦੀ ਆਨਲਾਈਨ ਰਜਿਸਟ੍ਰੇਸ਼ਨ ਦੀ ਆਖ਼ਰੀ ਮਿਤੀ 05-07-2024 ਹੈ। ਸਰਕਾਰੀ ਬਹੁਤਕਨੀਕੀ ਕਾਲਜ, ਦੀਨਾਨਗਰ ਦੇ ਪ੍ਰਿੰਸੀਪਲ ਇੰਜ: ਸ੍ਰੀ ਵਿਜੈ ਥਾਪਾ ਨੇ ਦੱਸਿਆ ਕਿ ਇਹ ਕਾਲਜ ਪਿਛਲੇ ਸਾਲ ਤੋਂ ਕੋ-ਐਡ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਕਾਲਜ ਵੱਲੋਂ ਵਿਦਿਆਰਥੀਆਂ ਅਤੇ ਮਾਪਿਆਂ ਦੀ ਸਹੂਲਤ ਲਈ ਕਾਲਜ ਵਿਚ ਦਾਖਲਾ ਸੈੱਲ ਦਾ ਗਠਨ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਵਿਦਿਆਰਥੀਆਂ ਦੀ ਦਾਖ਼ਲੇ ਲਈ ਰਜਿਸਟ੍ਰੇਸ਼ਨ, ਕੋਰਸ ਦੀ ਚੋਣ ਕਰਨ ਵਿਚ ਸਹਾਇਤਾ ਅਤੇ ਫ਼ੀਸਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕਰਵਾਉਣਾ ਹੈ। ਪ੍ਰਿੰਸੀਪਲ ਇੰਜ: ਸ੍ਰੀ ਵਿਜੈ ਥਾਪਾ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਨੁਸੂਚਿਤ ਜਾਤੀ,ਪਛੜੀ ਸ਼੍ਰੇਣੀ, ਘੱਟ ਗਿਣਤੀ ਵਰਗ ਆਦਿ ਦੇ ਵਿਦਿਆਰਥੀਆਂ ਲਈ ਫ਼ੀਸ ਵਿਚ ਵਿਸ਼ੇਸ਼ ਛੋਟ ਦਿੱਤੀ ਜਾ ਰਹੀ ਹੈ। ਅਨੁਸੂਚਿਤ ਜਾਤੀ ਦੇ 2.50 ਲੱਖ ਤੱਕ ਪਰਿਵਾਰਕ ਆਮਦਨ ਵਾਲੇ ਵਿਦਿਆਰਥੀਆਂ ਵਾਸਤੇ ਪੂਰੇ ਕੋਰਸ ਲਈ 1683/- ਫ਼ੀਸ, ਜਰਨਲ ਅਤੇ ਹੋਰ ਵਰਗ ਦੇ ਵਿਦਿਆਰਥੀਆਂ ਲਈ ਮੁੱਖ ਮੰਤਰੀ ਵਜ਼ੀਫ਼ਾ ਯੋਜਨਾ ਤਹਿਤ ਵਿਦਿਆਰਥੀਆਂ ਨੂੰ ਯੋਗਤਾ ਪ੍ਰੀਖਿਆ ਵਿਚ 60 ਫ਼ੀਸਦੀ ਤੋਂ 100 ਫ਼ੀਸਦੀ ਤੱਕ ਪ੍ਰਤੀ ਸਮੈਸਟਰ ਟਿਊਸ਼ਨ ਫ਼ੀਸ ਛੂਟ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਾਲਜ ਵਿਖੇ ਤਿੰਨ ਸਾਲਾ ਡਿਪਲੋਮਾ ਕੋਰਸ ਦੇ ਦੋ ਟਰੇਡ ਕੰਪਿਊਟਰ ਸਾਇੰਸ ਐਂਡ ਇੰਜੀ: ਅਤੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀ: ਸਫਲਤਾਪੂਰਵਕ ਚੱਲ ਰਹੇ ਹਨ। ਇਸ ਕਾਲਜ ਵਿਚ ਮਿਹਨਤੀ ਅਤੇ ਤਜਰਬੇਕਾਰ ਸਟਾਫ਼, ਉੱਤਮ ਲੈਬਾਂ ਅਤੇ ਵਰਕਸ਼ਾਪਾਂ ਦੇ ਨਾਲ ਨਾਲ ਖੇਡਾਂ ਅਤੇ ਹੋਰ ਗਤੀਵਿਧੀਆਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਕਾਲਜ ਵਿਖੇ ਪਲੇਸਮੈਂਟ ਸੈੱਲ ਦੇ ਸਹਿਯੋਗ ਨਾਲ ਚੰਗੇ ਨਤੀਜਿਆਂ ਦੇ ਰਾਹੀਂ ਵਿਦਿਆਰਥੀ ਸਰਕਾਰੀ ਅਦਾਰਿਆਂ ਅਤੇ ਮਲਟੀ ਨੈਸ਼ਨਲ ਕੰਪਨੀਆਂ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਪ੍ਰਿੰਸੀਪਲ ਇੰਜ: ਸ੍ਰੀ ਵਿਜੈ ਥਾਪਾ ਨੇ ਕਿਹਾ ਕਿ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਤੱਕ ਦਾਖ਼ਲੇ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ 9501021625, 9501017073, 9914691364, 9501118350 'ਤੇ ਸੰਪਰਕ ਕੀਤਾ ਜਾ ਸਕਦਾ ਹੈ।