ਫਤਿਹਗੜ੍ਹ ਚੂੜੀਆਂ, 30 ਜੂਨ : ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਅਧੀਨ ਆਮ ਆਦਮੀ ਪਾਰਟੀ ਦੇ ਆਗੂਆਂ ਵਿਚਾਲੇ ਪਾਟੋ-ਧਾੜ ਹੱਦਾਂ ਬੰਨੇ ਟੱਪ ਗਈ ਹੈ। ਹਲਕਾ ਫਤਿਹਗੜ੍ਹ ਚੂੜੀਆਂ ਦੇ ਇਕ ਸੀਨੀਅਰ ਅਤੇ ਪੁਰਾਣੇ ਟਕਸਾਲੀ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰਾਂ ਦੀ ਹਲਕੇ ਦੇ ਇਕ ਪਿੰਡ ਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕਥਿਤ ਤੌਰ ਤੇ ਭਾਰੀ ਕੁੱਟਮਾਰ ਕਰਨ, ਦਸਤਾਰ ਦੀ ਬੇਅਦਬੀ ਕਰਨ ਦਾ ਮਾਮਲਾ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਪਿੰਡ ਬੱਲ ਪੂਰੀਆਂ ਦੀ ਦੱਸੀ ਜਾ ਰਹੀ ਹੈ। ਹਲਕਾ ਫਤਿਹਗੜ੍ਹ ਚੂੜੀਆਂ ਅੰਦਰ ਵੱਖਰ ਧੜ੍ਹੇ ਦੇ ਤੌਰ ਤੇ ਵਿਚਰ ਰਹੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤਰਲੋਕ ਸਿੰਘ ਭਾਗੋਵਾਲ ਦੀ ਕੁੱਟ ਮਾਰ ਅਤੇ ਸਿਰ ਤੋਂ ਲੱਥੀ ਹੋਈ ਪੱਗ ਦੀ ਇੱਕ ਵਾਇਰਲ ਵੀਡਿਓ ਦੀ ਵੱਡੀ ਪੱਧਰ ਤੇ ਚਰਚਾ ਹੋ ਰਹੀ ਹੈ। ਆਪਣੇ ਨਾਲ ਹੋਈ ਕੁੱਟਮਾਰ ਅਤੇ ਦਸਤਾਰ ਦੀ ਬੇਅਦਬੀ ਨੂੰ ਲੈ ਕੇ ਤਰਲੋਕ ਸਿੰਘ ਭਾਗੋਵਾਲ ਆਪਣੇ ਸਾਥੀਆਂ ਅਤੇ ਵਰਕਰਾਂ ਸਮੇਤ ਇਨਸਾਫ ਦੀ ਮੰਗ ਨੂੰ ਲੈ ਕੇ ਐਸਐਸਪੀ ਬਟਾਲਾ ਨੂੰ ਮਿਲੇ। ਐਸਐਸਪੀ ਬਟਾਲਾ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਆਪਣੀ ਹੱਡ ਬੀਤੀ ਸੁਣਾਉਂਦਿਆਂ ਤਰਲੋਕ ਸਿੰਘ ਭਾਗੋਵਾਲ ਨੇ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਅਡਵਾਂਸ ਟੀਮ ਦੇ ਕੁਆਰਡੀਨੇਟਰ ਹਨ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਪਿੰਡ ਬੱਲਪੁਰੀਆਂ ਵਿਖੇ ਆਪਣੇ ਇਕ ਸਾਥੀ ਦੇ ਘਰ ਗਏ ਹੋਏ ਸਨ। ਉਨ੍ਹਾਂ ਕਥਿਤ ਦੋਸ਼ ਲਗਾਇਆ ਕਿ ਹਲਕੇ ਦੇ ਇੰਚਾਰਜ ਦੇ ਹਮਾਇਤੀਆਂ ਨੇ ਸੋਚੀ ਸਮਝੀ ਸਾਜਿਸ਼ ਤਹਿਤ ਇੱਕ ਘਰ ਅੰਦਰ ਡੱਕ ਕੇ ਉਸਦੀ ਅਤੇ ਉਸ ਦੇ ਇਕ ਹੋਰ ਸਾਥੀ ਦੀ ਬੁਰੀ ਤਰਾਂ ਕੁਟਮਾਰ ਅਤੇ ਪੱਗ ਦੀ ਬੇਅਦਬੀ ਕੀਤੀ। ਭਾਗੋਵਾਲ ਨੇ ਅੱਗੇ ਦੱਸਿਆ ਕਿ ਮੌਕੇ ਤੇ ਪੁਲਿਸ ਮੌਜੂਦ ਸੀ ਅਤੇ ਉਨ੍ਹਾਂ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ,। ਉਨ੍ਹਾਂ ਨੇ ਆਪਣੇ ਨਾਲ ਵਰਕਰ ਰਕੇਸ਼ ਕੁਮਾਰ ਦੀ ਹੋਈ ਕੁੱਟਮਾਰ ਦੇ ਨਿਸ਼ਾਨ ਦਿਖਾਉਂਦਾ ਕਿਹਾ ਕਿ ਉਨ੍ਹਾਂ ਉਤੇ ਬੇਹਿਤਾਸ਼ਾ ਤਸ਼ੱਦਦ ਕੀਤਾ ਗਿਆ ਹੈ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਤੋਂ ਮੰਗ ਕੀਤੀ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ।