306ਵਾਂ “ਮਾਨਵ ਸੇਵਾ ਸੰਕਲਪ ਦਿਵਸ” ਮਨਾਇਆ

  • ਐਨ.ਸੀ.ਸੀ. ਕੈਡਿਟ “ਜੀਵਨ ਰੱਖਿਅਕ ਪ੍ਰਸ਼ੰਸ਼ਾ ਪੱਤਰ” ਨਾਲ ਸਨਮਾਨਤ
  • ਸਿਵਲ ਡਿਫੈਂਸ ਵਲੋਂ “ਜੀਵਨ ਰੱਖਿਅਕ ਸਨਮਾਨ ਸਮਾਰੋਹ” ਦਾ ਆਯੋਜਨ

ਬਟਾਲਾ, 20 ਸਤੰਬਰ 2024 : ਪੰਜਾਬ ਸਰਕਾਰ ਵਲੋ ਜਾਰੀ ਦਿਸ਼ਾ ਨਿਰਦੇਸ਼ ਅਨੁਸਾਰ ਸੇਵਾ ਦੇ ਪੁੰਜ ਤੇ ਮੁਢੱਲੀ ਸਹਾਇਤਾ ਦੇ ਬਾਨੀ ਭਾਈ ਘਨੱਈਆ ਜੀ ਦੇ 306ਵੇਂ ਪਰਲੋਕ ਗਮਨ ਦਿਵਸ “ਮਾਨਵ ਸੇਵਾ ਸੰਕਲਪ ਦਿਵਸ” ਵਜੋ ਮਨਾਇਆ ਗਿਆ। ਇਸ ਮੌਕੇ ਸਿਵਲ ਡਿਫੈਂਸ ਬਟਾਲਾ ਵਲੋਂ “ਜੀਵਨ ਰੱਖਿਅਕ ਸਨਮਾਨ ਸਮਾਰੋਹ” ਦਾ ਆਯੋਜਨ, 1 ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਅੰਮ੍ਰਿਤਸਰ ਦੇ ਐਨ.ਸੀ.ਸੀ. ਕੈਂਪ ਬਟਾਲਾ ਵਿਖੇ ਕੀਤਾ ਗਿਆ। ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਵਲੋਂ ਭਾਈ ਘੱਨਈਆ ਜੀ ਦੇ ਜੀਵਨ ‘ਤੇ ਚਾਨਣਾ ਪਾਇਆ ਅਤੇ ਕਿਹਾ ਕਿ ਭਾਈ ਘਨੱਈਆ ਜੀ ਨੂੰ ਸੰਸਾਰ ਭਰ ਵਿਚ ਮੁਢੱਲੀ ਸਹਾਇਤਾ ਦੇ ਬਾਨੀ ਮੰਨਿਆ ਜਾਂਦਾ ਹੈ। ਉਹ “ਨਾ ਕੋ ਬੈਰੀ ਨਹੀਂ ਬੇਗਾਨਾ” ਦੇ ਸਿਧਾਂਤ ਨੂੰ ਮੰਨਦੇ ਹੋਏ, ਸੰਨ 1704-05 ਜੰਗਾਂ ਦੌਰਾਨ ਜ਼ਖ਼ਮੀ ਸਿੱਖ ਅਤੇ ਮੁਗਲ ਸੈਨਿਕਾਂ ਨੂੰ ਪਾਣੀ ਅਤੇ ਮਲ੍ਹਮ ਪੱਟੀਆਂ ਦੀ ਸੇਵਾ ਸੰਭਾਲ ਕਰਕੇ ਸੈਂਕੜੇ ਜਾਨਾਂ ਬਚਾਈਆਂ ਅਤੇ ਸੰਸਾਰ ਭਰ ਵਿਚ ਪੰਜਾਬ ਦੀ ਧਰਤੀ ਤੋਂ ਨਿਸ਼ਕਾਮ ਭਾਵਨਾ, ਮਾਨਵਤਾ ਦੀ ਸੇਵਾ ਕਰਨ ਦਾ ਪਿਆਰਾ ਸੁਨੇਹਾ ਦਿੱਤਾ। ਇਹ ਦਿਨ ਮਲੱਮ ਪੱਟੀ ਦਿਵਸ ਵਜੋ ਵੀ ਮਨਾਇਆ ਜਾਂਦਾ ਹੈ। ਇਸ ਮੌਕੇ 40 ਕੈਡਿਟਾਂ ਨੂੰ ਜੀਵਨ ਰੱਖਿਅਕ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਤ ਕਰਦੇ ਹੋਏ ਕਿਹਾ ਕਿ ਇਸ ਸਮਾਰੋਹ ਦਾ ਮਕਸਦ, ਹੋਰਨਾਂ ਨੂੰ ਉਤਸ਼ਾਹਤ ਕਰਨਾ ਹੈ, ਜਿਸ ਨਾਲ ਨਿਸ਼ਕਾਮ ਸੇਵਾ ਭਾਵਨਾ ਵਧੇ ਤੇ ਹਰੇਕ ਆਮ ਤੇ ਖਾਸ ਨਾਗਰਿਕ ਆਪਣੀ “ਸੁਰੱਖਿਆ ਆਪ” ਪ੍ਰਤੀ ਜਾਗਰੂਕ ਹੋ ਕੇ ਹੋਰਨਾਂ ਦੀ ਮਦਦ ਕਰੇ। ਇਹ ਪ੍ਰਸ਼ੰਸਾ ਪੱਤਰ ਪੋਸਟ ਨੰ. 8, ਵਾਰਡਨ ਸਰਵਿਸ, ਸਿਵਲ ਡਿਫੈਂਸ, ਬਟਾਲਾ, ਜ਼ੋਨ-4-ਸਲੂਸ਼ਨ-ਨਵੀ ਦਿੱਲੀ, ਡਿਜ਼ਾਸਟਰ ਮੈਨੇਜ਼ਮੈਂਟ ਕਾਮਰੇਡਸ ਐਂਡ ਚੈਂਪੀਅਨਜ਼ (ਡੀਐਮਸੀਸੀ) ਗਲੋਬਲ ਕਮਿਊਨਿਟੀ, ਫਸਟ-ਏਡ, ਹੈਲਥ ਐਂਡ ਸੇਫਟੀ ਅਵੇਅਰਨੈਸ ਮਿਸ਼ਨ ਪਟਿਆਲਾ ਤੇ ਆਪਦਾ ਮਿੱਤਰ ਬਟਾਲਾ ਵਲੋਂ ਦਿੱਤੇ ਜਾਂਦੇ ਹਨ। ਇਸ ਮੌਕੇ ਸੂਬੇਦਾਰ ਜਗਜੀਵਨ ਸਿੰਘ, ਏ.ਓ. ਮੇਜਰ ਪੂਨਮ ਇੱਕਾ, ਏ.ਐਮ.ਸੀ. ਵਿਸ਼ੂ ਕੁਮਾਰ, ਹਵਾਲਦਾਰ ਜਗਦੀਸ਼ ਸਿੰਘ, ਸਟਾਫ ਮੈਂਬਰਾਂ ਸਮੇਤ 500 ਕੈਡਿਟਸ ਹਾਜ਼ਰ ਸਨ।