ਕੈਨੇਡਾ 'ਚ ਨੌਜਵਾਨ ਨਵਨੀਤ ਸਿੰਘ ਦੀ ਹਾਰਟ ਅਟੈਕ ਨਾਲ ਮੌਤ

ਐਡਮਿੰਟਨ : ਕੈਨੇਡਾ ਦੇ ਪੰਜਾਬੀ ਭਾਈਚਾਰੇ ਲਈ ਇਹ ਬੜੀ ਦੁਖਦਾਈ ਖ਼ਬਰ ਹੈ ਕਿ ਇਕ 31 ਸਾਲਾ ਨੌਜਵਾਨ ਨਵਨੀਤ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਨਵਨੀਤ ਸਿੰਘ ਦੇ ਦੋਸਤ ਅਮਨਜੀਤ ਸਿੰਘ ਨੇ ਦੱਸਿਆ ਹੈ ਕਿ ਨਵਨੀਤ ਸਿੰਘ ਬਤੌਰ ਅੰਤਰਰਾਸ਼ਟਰੀ ਸਟੂਡੈਂਟ ਸਰੀ ਵਿਚ ਆਇਆ ਸੀ ਅਤੇ ਪੜ੍ਹਾਈ ਖਤਮ ਤੋਂ ਬਾਅਦ ਵਰਕ ਪਰਮਿਟ ਤੇ ਕੰਮ ਕਰ ਰਿਹਾ ਸੀ। ਉਹ ਅਜੇ ਕੁਝ ਮਹੀਨੇ ਪਹਿਲਾਂ ਹੀ ਸਰੀ ਤੋਂ ਐਡਮਿੰਟਨ ਸ਼ਿਫਟ ਹੋਇਆ ਸੀ। 15 ਨਵੰਬਰ 2022 ਨੂੰ ਇਕ ਗੈਸ ਸਟੇਸ਼ਨ ਤੇ ਉਹ ਆਪਣੀ ਕਾਰ ਵਿਚ ਮ੍ਰਿਤਕ ਪਾਇਆ ਗਿਆ। ਨਵਨੀਤ ਸਿੰਘ ਡੱਬਵਾਲੀ (ਪੰਜਾਬ) ਦਾ ਜੰਮਪਲ ਸੀ ਅਤੇ ਇੱਥੇ ਇਕੱਲਾ ਹੀ ਸੀ। ਉਸ ਦਾ ਪਰਿਵਾਰ ਡੱਬਵਾਲੀ ਹੀ ਰਹਿੰਦਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਦੋ ਮਹੀਨੇ ਬਾਅਦ ਉਸ ਦਾ ਵਿਆਹ ਹੋਣ ਵਾਲਾ ਸੀ। ਇਸ ਦੁੱਖ ਦੀ ਘੜੀ ਵਿਚ ਉਸ ਦੇ ਦੋਸਤ ਮਨਜੀਤ ਸਿੰਘ, ਕੁਲਦੀਪ ਸਿੰਘ ਅਤੇ ਹਰਜੀਤ ਸਿੰਘ ਨੇ ਉਸ ਦੀ ਮ੍ਰਿਤਕ ਦੇਹ ਭਾਰਤ ਭੇਜਣ ਲਈ Gofundme ਰਾਹੀਂ ਫੰਡ ਇਕੱਠਾ ਕਰਨ ਦਾ ਉਪਰਾਲਾ ਕੀਤਾ ਹੈ ਅਤੇ ਭਾਈਚਾਰੇ ਨੂੰ ਮਦਦ ਕਰਨ ਦੀ ਅਪੀਲ ਕੀਤੀ ਹੈ।