ਲੰਡਨ, 12 ਜੁਲਾਈ 2024 : ਦੱਖਣੀ-ਪੂਰਬੀ ਇੰਗਲੈਂਡ ਦੇ ਕੈਂਟ ’ਚ ਸਥਿਤ ਗੁਰਦੁਆਰਾ ਸਾਹਿਬ 'ਚ ਹੇਟ ਕ੍ਰਾਈਮ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਰਾਤ ਇਕ ਨੌਜਵਾਨ ਗ੍ਰੇਵਸੈਂਡ ਗੁਰਦੁਆਰਾ ਸਾਹਿਬ 'ਚ ਦਾਖਲ ਹੋਇਆ ਅਤੇ ਉਥੇ ਸੇਵਾ ਕਰ ਰਹੀ ਅਤੇ ਮੱਥਾ ਟੇਕ ਰਹੀ ਸੰਗਤ 'ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ’ਚ ਦੋ ਔਰਤਾਂ ਜ਼ਖਮੀ ਹੋ ਗਈਆਂ ਸਨ, ਜਿਸ ਤੋਂ ਬਾਅਦ ਪੁਲਿਸ ਨੇ ਸੰਗਤ ਦੇ ਸਹਿਯੋਗ ਨਾਲ ਆਰੋਪੀ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬ੍ਰਿਟੇਨ ਦੇ ਗ੍ਰੇਵਸੈਂਡ ਸਥਿਤ ਗੁਰਦੁਆਰਾ ਸਾਹਿਬ 'ਚ ਨਫਰਤ ਨਾਲ ਪ੍ਰੇਰਿਤ ਇਕ ਸ਼ੱਕੀ ਕੱਟੜਪੰਥੀ ਨੇ ਤਲਵਾਰ ਨਾਲ ਹਮਲਾ ਕਰ ਦਿੱਤਾ। ਉਸ ਸਮੇਂ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਰਹੀਆਂ ਸਨ। ਚਸ਼ਮਦੀਦਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਹ ਸਿੱਖ ਸ਼ਰਧਾਲੂ ਬਣ ਕੇ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਇਆ ਸੀ। ਮੱਥਾ ਟੇਕਦੇ ਹੋਏ ਉਸ ਨੇ ਕਿਰਪਾਨ ਚੁੱਕ ਲਈ। ਕਿਰਪਾਨ ਲੈ ਕੇ ਉਹ ਸੰਗਤ ਵੱਲ ਵਧਿਆ ਅਤੇ ਸਾਹਮਣੇ ਆਉਣ ਵਾਲੇ ਲੋਕਾਂ 'ਤੇ ਕਿਰਪਾਨ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਜ਼ਖ਼ਮੀ ਲੜਕੀਆਂ ਦਾ ਕਹਿਣਾ ਹੈ ਕਿ ਜੇਕਰ ਸੰਗਤ ਆਰੋਪੀ ਨੂੰ ਕਾਬੂ ਨਾ ਕਰਦੀ ਤਾਂ ਉਹ ਉਨ੍ਹਾਂ ਦਾ ਕਤਲ ਕਰ ਦਿੰਦਾ। ਉਹ ਕਤਲ ਦੇ ਇਰਾਦੇ ਨਾਲ ਗੁਰਦੁਆਰਾ ਸਾਹਿਬ 'ਚ ਆਇਆ ਸੀ। ਇਸ ਘਟਨਾ ਤੋਂ ਬਾਅਦ ਗੁਰਦੁਆਰਾ ਸਾਹਿਬ 'ਚ ਮੌਜੂਦ ਸ਼ਰਧਾਲੂਆਂ ਦੀ ਭੀੜ ਨੌਜਵਾਨ ਨੂੰ ਰੋਕਣ ਲਈ ਅੱਗੇ ਵਧ ਗਈ। ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹੀ ਪੁਲਿਸ ਵੀ ਤੁਰੰਤ ਹਰਕਤ 'ਚ ਆ ਗਈ ਅਤੇ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਨੌਜਵਾਨ ਬ੍ਰਿਟਿਸ਼ ਨਾਗਰਿਕ ਹੈ ਅਤੇ ਉਸ ਦੀ ਉਮਰ ਸਿਰਫ 17 ਸਾਲ ਹੈ। ਇਹ ਮਾਮਲਾ ਸਿੱਧੇ ਤੌਰ 'ਤੇ ਹੇਟ ਕ੍ਰਾਈਮ ਨਾਲ ਜੁੜਿਆ ਹੋਇਆ ਹੈ। ਪੁਲਿਸ ਮੁਤਾਬਕ, ਦੋ ਔਰਤਾਂ ਨੂੰ ਕੱਟਣ ਤੇ ਪੁਲਿਸ ਲਈ ਮੈਡੀਕਲ ਸਹਾਇਤਾ ਦੀ ਲੋੜ ਸਨ। ਲੜਕੇ ਨੂੰ ਹੱਤਿਆ ਦੀ ਕੋਸ਼ਿਸ਼ ਤੇ ਧਾਰਮਿਕ ਰੂਪ ਨਾਲ ਗੰਭੀਰ ਜਨਤਕ ਵਿਵਸਥਾ ਦੇ ਅਪਰਾਧ ਦੇ ਸ਼ੱਕ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਕਿਹਾ ਕਿ ਉਹ ਇਸ ਘਟਨਾ ਦੇ ਸਬੰਧ ’ਚ ਕਿਸੇ ਹੋਰ ਦੀ ਭਾਲ ਨਹੀਂ ਕਰ ਰਹੇ ਤੇ ਇਹ ਇਕ ਅਲੱਗ ਘਟਨਾ ਹੈ। ਡਿਟੈਕਟਿਵ ਸੁਪਰਡੈਂਟ ਇਆਨ ਡਾਇਬਾਲ ਨੇ ਕਿਹਾ ਕਿ ਲੋਕਾਂ ’ਚ ਭਰੋਸਾ ਪੈਦਾ ਕਰਨ ਲਈ ਇਲਾਕੇ ’ਚ ਗਸ਼ਤ ਰਹੇਗੀ ਤੇ ਅਸੀਂ ਫਿਰਕੇ ਨੂੰ ਉਨ੍ਹਾਂ ਦੇ ਨਿਰੰਤਰ ਸਮਰਥਨ ਤੇ ਸਹਾਇਤਾ ਲਈ ਧੰਨਵਾਦ ਕਰਦੇ ਹਾਂ। ਅਧਿਕਾਰੀ ਸ਼ੁੱਕਰਵਾਰ ਸਵੇਰੇ ਇਮਾਰਤ ਦੇਬਾਹਰ ਰਹੇ ਜਦਕਿ ਪੁੱਛਗਿੱਛ ਜਾਰੀ ਸੀ।