ਚੀਨ ਦੇ ਉਸਾਰੀ ਅਧੀਨ ਪੁਲਾੜ ਕੇਂਦਰ ’ਤੇ ਤਿੰਨ ਹੋਰ ਪੁਲਾੜ ਯਾਤਰੀ ਪਹੁੰਚੇ

ਬੀਜਿੰਗ (ਪੀਟੀਆਈ) : ਚੀਨ ਦੇ ਉਸਾਰੀ ਅਧੀਨ ਪੁਲਾੜ ਕੇਂਦਰ ’ਤੇ ਤਿੰਨ ਹੋਰ ਪੁਲਾੜ ਯਾਤਰੀ ਪਹੁੰਚ ਗਏ। ਹੁਣ ਇਥੇ ਪਹਿਲੀ ਵਾਰ ਚੀਨ ਦੇ ਛੇ ਪੁਲਾੜ ਯਾਤਰੀ ਹੋ ਗਏ ਹਨ। ਪੰਜ ਦਿਨ ਨਾਲ ਰਹਿ ਕੇ ਮਿੱਥੇ ਉਸਾਰੀ ਦੇ ਕੰਮ ਨੂੰੁ ਪੂਰਾ ਕਰਨ ਤੋਂ ਬਾਅਦ ਪੁਰਾਣੇ ਤਿੰਨੇ ਪੁਲਾੜ ਯਾਤਰੀ ਧਰਤੀ ’ਤੇ ਵਾਪਸ ਆ ਜਾਣਗੇ। ਇਸ ਤੋਂ ਬਾਅਦ ਅੱਗੇ ਦਾ ਪੁਲਾੜ ਸਟੇਸ਼ਨ ਨਿਰਮਾਣ ਕਾਰਜ ਤਿੰਨੇ ਨਵੇਂ ਪੁਲਾੜ ਯਾਤਰੀ ਕਰਨਗੇ। ਚੀਨ ਨੇ ਮੰਗਲਵਾਰ ਨੂੰ ਤਿੰਨ ਪੁਲਾੜ ਯਾਤਰੀਆਂ ਫੀ ਜੁਲਾਂਗ, ਡੇਂਗ ਕਿੰਗਮਿੰਗ ਤੇ ਝਾਂਗ ਲੂ ਨੂੰ ਲਿਜਾਣ ਵਾਲੇ ਆਪਣੇ ਪੁਲਾੜ ਵਾਹਨ ਯਾਨ ਸ਼ੇਨਝੋਊ-15 ਨੂੰ ਸਫਲਤਾਪੂਰਵਕ ਲਾਂਚ ਕੀਤਾ ਸੀ। ਚੀਨ ਦੀ ਮਨੁੱਖੀ ਸਪੇਸ ਏਜੰਸੀ (ਸੀਐੱਮਐੱਸ) ਦੇ ਅਨੁਸਾਰ, ਪੁਲਾੜ ਵਾਹਨ ਨੂੰ ਜ਼ਿਯੁਕਵਾਨ ਸੈਟੇਲਾਈਟ ਲਾਂਚ ਸੈਂਟਰ ਤੋਂ ਲਾਂਗ ਮਾਰਚ-2ਐੱਫ ਕੈਰੀਅਰ ਰਾਕੇਟ ਨਾਲ ਮੰਗਲਵਾਰ ਨੂੰ ਰਾਤ ਨੂੰ ਲਾਂਚ ਕੀਤਾ ਗਿਆ। ਹਾਲ ਹੀ ਵਿਚ ਚੀਨ ਦਾ ਦੂਜਾ ਤੇ ਆਖਰੀ ਲੈਬ ਮਾਡਿਊਲ ਮੈਂਗਸ਼ਨ ਉਸਾਰੀ ਅਧੀਨ ਪੁਲਾੜ ਸਟੇਸ਼ਨ ’ਤੇ ਪਹੁੰਚਿਆ ਸੀ। ਪੁਰਾਣੇ ਤਿੰਨੇ ਪੁਲਾੜ ਯਾਤਰੀ ਛੇ ਮਹੀਨੇ ਪੁਲਾੜ ’ਚ ਰਹਿ ਕੇ ਪੰਜ ਦਿਨ ਬਾਅਦ ਧਰਤੀ ’ਤੇ ਵਾਪਸ ਆ ਜਾਣਗੇ। ਯਾਦ ਰਹੇ ਕਿ ਚੀਨੀ ਪੁਲਾੜ ਸਟੇਸ਼ਨ ਤਿਆਂਗੋਂਗ ਅੰਤਰਰਾਸ਼ਟਰੀ ਪੁਲਾੜ ਕੇਂਦਰ ਦਾ ਮੁਕਾਬਲੇਬਾਜ਼ ਹੋਵੇਗਾ। ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਕਈ ਦੇਸ਼ਾਂ ਦੀ ਮਦਦ ਨਾਲ ਰੂਸ ਵੱਲੋਂ ਬਣਾਇਆ ਗਿਆ ਹੈ, ਜਦਕਿ ਇਹ ਚੀਨ ਦਾ ਆਪਣਾ ਖੁਦ ਦਾ ਪੁਲਾੜ ਸਟੇਸ਼ਨ ਹੋਵੇਗਾ।