ਕਵੇਟਾ (ਪਾਕਿਸਤਾਨ) ਸ਼ਹਿਰ ਵਿਚ ਪੁਲਿਸ ਦੇ ਟਰੱਕ ‘ਤੇ ਆਤਮਘਾਤੀ ਹਮਲਾ, ਪੁਲਿਸ ਮੁਲਾਜ਼ਮ ਤੇ ਇਕ ਬੱਚੇ ਦੀ ਮੌਤ

ਪਾਕਿਸਤਾਨ : ਪਾਕਿਸਤਾਨ ਦੀ ਸੈਨਾ ਤੇ ਪੁਲਿਸ ਇਕ ਵਾਰ ਫਿਰ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਕਵੇਟਾ ਸ਼ਹਿਰ ਵਿਚ ਪੁਲਿਸ ਦੇ ਟਰੱਕ ‘ਤੇ ਆਤਮਘਾਤੀ ਹਮਲਾ ਕੀਤਾ ਹੈ। ਇਸ ਹਮਲੇ ਵਿਚ ਇਕ ਪੁਲਿਸ ਮੁਲਾਜ਼ਮ ਤੇ ਇਕ ਬੱਚੇ ਦੀ ਮੌਤ ਹੋ ਗਈ ਹੈ। 20 ਪੁਲਿਸ ਮੁਲਾਜ਼ਮਾਂ ਸਣ 24 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਆਤਮਘਾਤੀ ਹਮਲਾ ਕਵੇਟਾ ਦੇ ਬਾਲੇਲੀ ਇਲਾਕੇ ਵਿਚ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਤੇ ਬਚਾਅ ਦਲ ਦੇ ਲੋਕ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ। ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਭਰਤੀ ਕਰਾਇਆ ਗਿਆ ਹੈ। ਕਵੇਟਾ ਦੇ ਡਿਪਟੀ ਇੰਸਪੈਕਟਰ ਜਨਰਲ ਗੁਲਾਮ ਅਜਫਰ ਮਹੇਸਰ ਨੇ ਦੱਸਿਆ ਕਿ ਧਮਾਕਾ ਪੁਲਿਸ ਟਰੱਕ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਸ਼ੁਰੂਆਤੀ ਜਾਂਚ ਵਿਚ ਹੀ ਸਪੱਸ਼ਟ ਹੋ ਗਿਆ ਕਿ ਇਹ ਆਤਮਘਾਤੀ ਹਮਲਾ ਸੀ। ਘਟਨਾ ਵਾਲੀ ਥਾਂ ਤੋਂ ਆਤਮਘਾਤੀ ਹਮਲਾਵਰ ਦੀਆਂ ਲਾਸ਼ਾਂ ਵੀ ਮਿਲੀਆਂ ਹਨ। ਉੁਨ੍ਹਾਂ ਕਿਹਾ ਕਿ ਧਮਾਕੇ ਕਾਰਨ ਪੁਲਿਸ ਟਰੱਕ ਪਲਟ ਕੇ ਖੱਡਵਿਚ ਡਿੱਗ ਗਿਆ ਸੀ। ਡੀਆਈਜੀ ਮਹੇਸਰ ਨੇ ਦੱਸਿਆ ਕਿ ਖੱਡ ਵਿਚ ਡਿਗਣ ਦੇ ਬਾਅਦ ਟਰੱਕ ਦੇ ਹੇਠਾਂ ਕੁਚਲੇ ਜਾਣ ਕਾਰਨ ਇਕ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਿਆ। ਲਗਭਗ 20 ਪੁਲਿਸ ਵਾਲੇ ਤੇ 4 ਸਥਾਨਕ ਨਾਗਰਿਕ ਵੀ ਜ਼ਖਮੀ ਹੋਏ ਹਨ। ਜ਼ਖਮੀ ਪੁਲਿਸ ਮੁਲਾਜ਼ਮਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ। ਇੱਕ ਦਿਨ ਪਹਿਲਾਂ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨੇ ਆਪਣੇ ਅੱਤਵਾਦੀਆਂ ਨੂੰ ਪੂਰੇ ਪਾਕਿਸਤਾਨ ਵਿੱਚ ਹਮਲੇ ਕਰਨ ਦਾ ਆਦੇਸ਼ ਦਿੱਤਾ ਸੀ। ਇਸ ਨਾਲ ਪਾਕਿਸਤਾਨ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਟੀਟੀਪੀ ਦੇ ਟਿਕਾਣੇ ਅਫਗਾਨਿਸਤਾਨ-ਪਾਕਿਸਤਾਨ ਸਰਹੱਦ ਨਾਲ ਲੱਗਦੇ ਕਬਾਇਲੀ ਇਲਾਕਿਆਂ ਵਿੱਚ ਹਨ। ਟੀਟੀਪੀ ਦਾ ਉਦੇਸ਼ ਪਾਕਿਸਤਾਨ ਦੀ ਚੁਣੀ ਹੋਈ ਸਰਕਾਰ ਨੂੰ ਉਖਾੜ ਸੁੱਟਣਾ ਹੈ ਤਾਂ ਜੋ ਉਹ ਉੱਥੇ ਇਸਲਾਮੀ ਸ਼ਰੀਆ ਕਾਨੂੰਨ ਲਾਗੂ ਕਰ ਸਕੇ। ਇਸ ਦੇ ਲਈ ਟੀਟੀਪੀ ਨੇ ਪਾਕਿਸਤਾਨ ਨੂੰ ਅਸਥਿਰ ਕਰਨ ਲਈ ਕਈ ਵਾਰ ਪਾਕਿਸਤਾਨੀ ਫੌਜ ‘ਤੇ ਸਿੱਧੇ ਹਮਲੇ ਕੀਤੇ ਅਤੇ ਕਈ ਪਾਕਿਸਤਾਨੀ ਨੇਤਾਵਾਂ ਨੂੰ ਮਾਰ ਦਿੱਤਾ।