ਸ਼੍ਰੋਮਣੀ ਅਕਾਲੀ ਦਲ ਦੇ ਕੁੱਝ ਅਹਦੇਦਾਰਾਂ ਵੱਲੋਂ ਆਪਣੇ ਹੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰਨਾ ਸਰਾਸਰ ਗਲਤ – ਇਕਬਾਲ ਸਿੰਘ ਭੱਟੀ

  • ਯੂਰਪ ਇਕਾਈ ਦੇ ਅਕਾਲੀ ਸੋਚ ਰੱਖਣ ਵਾਲੇ ਸਾਰੇ ਐੱਨ ਆਰ ਆਈਜ ਸ. ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਨਾਲ ਚਟਾਨ ਵਾਂਗ ਖੜ੍ਹੇ ਹਨ ਅਤੇ ਖੜ੍ਹੇ ਰਹਿਣਗੇ

ਪੈਰਿਸ, 29 ਜੂਨ 2024 : ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ ਨੇ ਇੱਕ ਬਿਆਨ ਰਾਹੀਂ ਕਿਹਾ ਹੈ ਕਿ ਜੋ ਵਾਵੇਲਾ ਇਸ ਵੇਲੇ ਪੰਜਾਬ ਇਕਾਈ ਦੇ ਕੁੱਝ ਅਕਾਲੀ ਆਗੂ ਖੜਾ ਕਰ ਰਹੇ ਹਨ, ਉਹ ਅਰਥਹੀਣ ਅਤੇ ਸਚਾਈ ਤੋਂ ਕੋਹਾਂ ਦੂਰ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੁੱਝ ਅਹਦੇਦਾਰਾਂ ਵੱਲੋਂ ਆਪਣੇ ਹੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰਨਾ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਇਹ ਉਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੈ, ਜਿਸ ਕੋਲ ਇਹ ਸੁਨੇਹੇ ਭੇਜ ਭੇਜ ਕੇ ਵਾਪਿਸ ਪਾਰਟੀ ਵਿੱਚ ਸ਼ਾਮਿਲ ਹੋਏ ਸਨ। ਸ. ਭੱਟੀ ਨੇ ਕਿਹਾ ਕਿ ਜ਼ੇਕਰ ਇਸ ਤਰਾਂ ਹੀਂ ਕਰਨਾ ਸੀ ਤਾਂ ਦੁਬਾਰਾ ਦੁਬਾਰਾ ਪਾਰਟੀ ਜੁਆਇਨ ਕਰਨ ਦਾ ਕੀ ਕਾਰਨ ਸੀ। ਹੁਣ ਇਨ੍ਹਾਂ ਪੰਜ ਸੱਤ ਜਣਿਆ ਤੋਂ ਇਲਾਵਾ ਪਾਰਟੀ ਵਿੱਚ ਕਿਸੇ ਦਾ ਕੋਈ ਰੌਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਜੀ ਬਾਦਲ ਹੀ ਹਨ ਅਤੇ ਉਹ ਹੀ ਪ੍ਰਧਾਨ ਬਣੇ ਰਹਿਣਗੇ। ਯੂਰਪ ਇਕਾਈ ਦੇ ਸਾਰੇ ਜਿਲ੍ਹਾ ਪ੍ਰਧਾਨ, ਸਟੇਟ ਪ੍ਰਧਾਨ ਅਤੇ ਹੋਰਨਾਂ ਅਹੁਦਿਆਂ ਤੇ ਬਿਰਾਜਮਾਨ ਸਾਰੇ ਹੀ ਅਕਾਲੀ ਸੋਚ ਰੱਖਣ ਵਾਲੇ ਐੱਨ ਆਰ ਆਈਜ ਇਸ ਵੇਲੇ ਸ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਨਾਲ ਚਟਾਨ ਵਾਂਗ ਖੜ੍ਹੇ ਹਨ ਅਤੇ ਖੜ੍ਹੇ ਰਹਿਣਗੇ। ਸ. ਭੱਟੀ ਨੇ ਕਿਹਾ ਕਿ ਸਿਕੰਦਰ ਸਿੰਘ ਮਲੂਕਾ ਵੱਲੋਂ ਪਹਿਲਾਂ ਆਪਣੀ ਪੁੱਤ ਨੂੰਹ ਨੂੰ ਅਕਾਲੀ ਦਲ ਦੇ ਖਿਲਾਫ ਚੋਣ ਲੜਾਉਣਾ ਅਤੇ ਹੁਣ ਦੂਜਿਆਂ ਨੂੰ ਉਕਸਾ ਕੇ ਪਾਰਟੀ ਨੂੰ ਤੋੜਨ ਦੀਆਂ ਚਾਲਾਂ ਚੱਲਣੀਆਂ, ਵਿਰੋਧੀਆਂ ਦੇ ਹੱਥ ਵਿੱਚ ਖੇਡਣ ਦਾ ਜਿੰਦਾ ਜਾਗਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜੋਕੇ ਹਾਲਾਤਾਂ ਦਾ ਫਾਇਦਾ ਉਠਾ ਕੇ ਕੋਈ ਹੋਰ ਤਾਕਤਵਰ ਪਾਰਟੀ ਅਕਾਲੀ ਦਲ ਵਿੱਚ ਫੁੱਟ ਪੁਆਉਣ ਵਾਸਤੇ ਇਨ੍ਹਾਂ ਪੰਜ ਸੱਤ ਅਕਾਲੀ ਆਗੂਆਂ ਨੂੰ ਭੜਕਾ ਕੇ ਸ਼ਤਰੰਜ ਦੀ ਚਾਲ ਖੇਡ ਰਹੀ ਹੈ ਤਾਂ ਇਸ ਤੋਂ ਸਾਨੂੰ ਸਾਵਧਾਨ ਰਹਿਣਾ ਹੋਵੇਗਾ ਤਾਂ ਹੀਂ ਅਸੀਂ ਪਾਰਟੀ ਅਤੇ ਪਾਰਟੀ ਦੀ ਸ਼ਾਖ ਨੂੰ ਬਚਾ ਕੇ ਰੱਖਣ ਵਿੱਚ ਕਾਮਯਾਬ ਹੋ ਸਕਾਂਗੇ |