ਹੈਤੀ, 19 ਮਾਰਚ : ਕੈਰੀਬੀਅਨ ਸਾਗਰ ’ਚ ਸਥਿਤ ਹੈਤੀ ’ਚ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ। ਹਥਿਆਰਬੰਦ ਗਿਰੋਹਾਂ ਨੇ ਸੋਮਵਾਰ ਤੜਕੇ ਹੈਤੀ ਦੀ ਰਾਜਧਾਨੀ ਪੋਰਟ-ਓ-ਪਿ੍ਰੰਸ ਦੇ ਦੋ ਇਲਾਕਿਆਂ ’ਚ ਹਮਲੇ ਕੀਤੇ। ਬੰਦੂਕਧਾਰੀਆਂ ਨੇ ਸੋਮਵਾਰ ਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਲਾਬੂਤੇ ਤੇ ਥੋਮਾਸਿਨ ਇਲਾਕਿਆਂ ’ਚ ਘਰਾਂ ’ਚ ਲੁੱਟਮਾਰ ਕੀਤੀ। ਹਮਲਿਆਂ ਕਾਰਨ ਲੋਕਾਂ ਨੂੰ ਆਪਣੇ ਘਰ ਛੱਡ ਕੇ ਭੱਜਣ ਲਈ ਮਜਬੂਰ ਹੋਣਾ ਪਿਆ। ਇਸ ਦੌਰਾਨ ਕੁਝ ਲੋਕ ਰੇਡੀਓ ’ਤੇ ਪੁਲਿਸ ਨੂੰ ਮਦਦ ਦੀ ਫ਼ਰਿਆਦ ਕਰਦੇ ਨਜ਼ਰ ਆਏ। ਹਮਲਿਆਂ ’ਚ 12 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਬੀਤੀ 29 ਫਰਵਰੀ ਤੋਂ ਪੋਰਟ-ਓ-ਪਿ੍ਰੰਸ ’ਚ ਪ੍ਰਧਾਨ ਮੰਤਰੀ ਏਰੀਅਲ ਹੈਨਰੀ ਦੇ ਅਸਤੀਫ਼ੇ ਦੀ ਮੰਗ ਸਬੰਧੀ ਹਥਿਆਰਬੰਦ ਗਿਰੋਹਾਂ ਨੇ ਹਿੰਸਕ ਹਮਲੇ ਸ਼ੁਰੂ ਕਰ ਦਿੱਤੇ ਸਨ। ਗਿਰੋਹਾਂ ਦਾ ਕਹਿਣਾ ਹੈ ਕਿ ਹੈਨਰੀ ਨੂੰ ਲੋਕਾਂ ਨੇ ਨਹੀਂ ਚੁਣਿਆ। ਉਹ ਉਨ੍ਹਾਂ ਨੂੰ ਵਧਦੀ ਗ਼ਰੀਬੀ ਲਈ ਦੋਸ਼ੀ ਮੰਨਦੇ ਹਨ। ਹਾਲ ਹੀ ’ਚ ਪ੍ਰਧਾਨ ਮੰਤਰੀ ਹੈਨਰੀ ਨੇ ਕੌਂਸਲ ਦੀ ਸਥਾਪਨਾ ਕਰਨ ਤੋਂ ਬਾਅਦ ਅਹੁਦਾ ਛੱਡਣ ਦਾ ਐਲਾਨ ਕੀਤਾ ਸੀ ਪਰ ਗਿਰੋਹ ਵੱਲੋਂ ਹਿੰਸਾ ਜਾਰੀ ਹੈ। ਸੋਮਵਾਰ ਨੂੰ ਕੀਤੇ ਗਏ ਹਮਲਿਆਂ ’ਚ 12 ਲੋਕਾਂ ਦੀ ਮੌਤ ਹੋ ਗਈ। ਲੋਕਾਂ ਦੀਆਂ ਲਾਸ਼ਾਂ ਸੜਕਾਂ ’ਤੇ ਪਈਆਂ ਸਨ ਤੇ ਉਨ੍ਹਾਂ ਦੇ ਆਲੇ-ਦੁਆਲੇ ਭੀੜ ਇਕੱਠੀ ਹੋ ਰਹੀ ਸੀ। ਇੱਧਰ, ਸੋਮਵਾਰ ਨੂੰ ਹੈਤੀ ਦੀ ਬਿਜਲੀ ਕੰਪਨੀ ਨੇ ਐਲਾਨ ਕੀਤਾ ਕਿ ਉਨ੍ਹਾਂ ਦੇ ਚਾਰ ਉਪ-ਕੇਂਦਰ ਤਬਾਹ ਹੋ ਗਏ ਤੇ ਹੁਣ ਕੰਮ ਨਹੀਂ ਕਰ ਰਹੇ। ਇਸ ਹਾਲਤ ’ਚ ਪੋਰਟ-ਓ-ਪਿ੍ਰੰਸ ’ਚ ਕਿਤੇ ਵੀ ਬਿਜਲੀ ਨਹੀਂ ਸੀ। ਇੱਧਰ, ਹਿੰਸਾ ’ਤੇ ਕਾਬੂ ਪਾਉਣ ਲਈ ਸਰਕਾਰ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਰਾਤ ਵੇਲੇ ਕਰਫਿਊ ਨੂੰ 20 ਮਾਰਚ ਤੱਕ ਵਧਾਇਆ ਜਾ ਰਿਹਾ ਹੈ।