ਅਮਰੀਕਾ : ਅਮਰੀਕਾ ਵਿੱਚ ਹੁਣ ਸਮਲਿੰਗੀ ਵਿਆਹ ਕਾਨੂੰਨੀ ਹੋਣਗੇ। ਅਮਰੀਕਾ ਦੇ ਦੋਹਾਂ ਸਦਨਾਂ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਰਾਸ਼ਟਰਪਤੀ ਜੋਅ ਬਾਈਡੇਨ ਨੇ ਵ੍ਹਾਈਟ ਹਾਊਸ ਸਮਾਰੋਹ ‘ਚ ‘ਗੇ ਮੈਰਿਜ ਬਿੱਲ’‘ਤੇ ਦਸਤਖਤ ਕਰਕੇ ਇਸ ‘ਤੇ ਮੋਹਰ ਲਾ ਦਿੱਤੀ। ਹਾਲ ਹੀ ‘ਚ ਅਮਰੀਕੀ ਸੰਸਦ ਦੇ ਹੇਠਲੇ ਸਦਨ ‘ਹਾਊਸ ਆਫ ਰਿਪ੍ਰਜ਼ੈਂਟੇਟਿਵ’ ਨੇ ਸਮਲਿੰਗੀ ਵਿਆਹਾਂ ਨੂੰ ਸੁਰੱਖਿਆ ਦੇਣ ਵਾਲੇ ਬਿੱਲ ਨੂੰ ਅੰਤਿਮ ਮਨਜ਼ੂਰੀ ਦੇ ਦਿੱਤੀ ਹੈ। ਇਸ ਨੂੰ ਸੰਸਦ ਦੇ ਉਪਰਲੇ ਸਦਨ ‘ਸੈਨੇਟ’ ‘ਚ ਪਹਿਲਾਂ ਹੀ ਮਨਜ਼ੂਰੀ ਮਿਲ ਚੁੱਕੀ ਸੀ। ਇਸ ਤਰ੍ਹਾਂ ਇਸ ਬਿੱਲ ਨੇ ਕਾਨੂੰਨ ਦਾ ਰੂਪ ਲੈ ਲਿਆ। ਇਸ ਸਮਲਿੰਗੀ ਵਿਆਹ ਬਿੱਲ ‘ਤੇ ਦਸਤਖਤ ਕਰਨ ਤੋਂ ਬਾਅਦ ਜੋ ਬਾਈਡੇਨ ਨੇ ਟਵੀਟ ਕੀਤਾ ਅਤੇ ਕਿਹਾ, ‘ਅੱਜ ਦਾ ਦਿਨ ਬਹੁਤ ਚੰਗਾ ਹੈ। ਅੱਜ ਅਮਰੀਕਾ ਨੇ ਬਰਾਬਰੀ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਪੁੱਟਿਆ ਹੈ। ਇਹ ਆਜ਼ਾਦੀ ਅਤੇ ਨਿਆਂ ਵੱਲ ਕਦਮ ਹਨ, ਨਾ ਸਿਰਫ਼ ਕੁਝ ਲਈ, ਸਗੋਂ ਸਾਰਿਆਂ ਲਈ। ਕਿਉਂਕਿ ਅੱਜ ਮੈਂ ਮੈਰਿਜ ਬਿੱਲ ‘ਤੇ ਦਸਤਖਤ ਕੀਤੇ ਹਨ।’ ਜੋਅ ਬਿਡੇਨ ਨੇ ਵ੍ਹਾਈਟ ਹਾਊਸ ਦੇ ਸਾਊਥ ਲਾਅਨ ‘ਚ ਕਿਹਾ ਕਿ ਇਹ ਕਾਨੂੰਨ ਹਰ ਤਰ੍ਹਾਂ ਦੀ ਨਫਰਤ ਦੇ ਖਿਲਾਫ ਇੱਕ ਝਟਕਾ ਹੈ ਅਤੇ ਇਸ ਲਈ ਇਹ ਕਾਨੂੰਨ ਹਰ ਅਮਰੀਕੀ ਲਈ ਅਹਿਮ ਹੈ। ਰਾਸ਼ਟਰਪਤੀ ਜੋਅ ਬਾਈਡੇਨ ਨੂੰ ਸਮਲਿੰਗੀ ਵਿਆਹ ਦੇ ਕਾਨੂੰਨ ‘ਤੇ ਦਸਤਖਤ ਕਰਦੇ ਦੇਖਣ ਲਈ ਮੰਗਲਵਾਰ ਦੁਪਹਿਰ ਨੂੰ ਹਜ਼ਾਰਾਂ ਦੀ ਭੀੜ ਜਸ਼ਨ ਮਨਾਉਣ ਲਈ ਨਿਕਲੀ। ਰਾਸ਼ਟਰਪਤੀ ਜੋਅ ਬਿਡੇਨ ਦਾ ਇਸ ਕਾਨੂੰਨ ‘ਤੇ ਹਸਤਾਖਰ ਕਰਨਾ ਅਤੇ ਇਸ ਤਰ੍ਹਾਂ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣਾ ਅਮਰੀਕਾ ਦੇ ਇਤਿਹਾਸ ਵਿਚ ਇਕ ਵੱਡਾ ਕਦਮ ਹੈ।