ਅਮਰੀਕਾ ’ਚ ਕੱਢੀ ਜਾਵੇਗੀ ਰੱਥ ਯਾਤਰਾ, 25 ਮਾਰਚ ਤੋਂ 23 ਅਪ੍ਰੈਲ ਤੱਕ 851 ਮੰਦਰਾਂ ਵਿਚ ਜਾਵੇਗੀ ਯਾਤਰਾ

ਸ਼ਿਕਾਗੋ, 22 ਮਾਰਚ : ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਅਤੇ ਸ਼੍ਰੀ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਪਿੱਛੋਂ ਭਾਰਤ ਦੇ ਦੁਨੀਆ ਭਰ ਵਿਚ ਰਹਿੰਦੇ ਹਿੰਦੂ ਭਾਈਚਾਰੇ ਵਿਚ ਖੁਸ਼ੀ ਹੈ। ਇਸੇ ਕੜੀ ਵਿਚ ਅਮਰੀਕਾ ਦੇ ਸ਼ਿਕਾਗੋ ਤੋਂ 25 ਮਾਰਚ ਤੋਂ ਰਾਮ ਮੰਦਰ ਰੱਥ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ। ਯਾਤਰਾ, ਉੱਥੋਂ ਦੇ 48 ਸੂਬਿਆਂ ਦੇ 851 ਮੰਦਰਾਂ ਵਿਚ ਜਾਵੇਗੀ। 48 ਦਿਨਾਂ ਤੱਕ ਚੱਲਣ ਵਾਲੀ ਇਹ ਯਾਤਰਾ 8,000 ਮੀਲ ਤੋਂ ਜ਼ਿਆਦਾ ਦੀ ਦੂਰੀ ਤੈਅ ਕਰੇਗੀ। ਰੱਥ ਯਾਤਰਾ ਦੀ ਸਮਾਪਤੀ 23 ਅਪ੍ਰੈਲ ਨੂੰ ਹਨੂੰਮਾਨ ਜੈਅੰਤੀ ਮੌਕੇ ’ਤੇ ਇਲੀਨੋਇਸ ਸੂਬੇ ਦੇ ਸ਼ੂਗਰ ਗ੍ਰੋਵ ਵਿਚ ਹੋਵੇਗੀ। ਰੱਥ ਯਾਤਰਾ ਦਾ ਇੰਤਜ਼ਾਮ ਵਿਸ਼ਵ ਹਿੰਦੂ ਪ੍ਰੀਸ਼ਦ ਆਫ ਅਮਰੀਕਾ (ਵੀਐੱਚਪੀਏ) ਵੱਲੋਂ ਕੀਤਾ ਜਾ ਰਿਹਾ ਹੈ। ਵੀਐੱਚਪੀਏ ਦੇ ਜਨਰਲ ਸਕੱਤਰ ਅਮਿਤਾਭ ਮਿੱਤਲ ਨੇ ਕਿਹਾ ਕਿ ਰੱਥ ਨੂੰ ਟੋਯੋਟਾ ਸਿਏਨਾ ਵੈਨ ਉੱਪਰ ਬਣਾਇਆ ਗਿਆ ਹੈ। ਵੈਨ ਵਿਚ ਭਗਵਾਨ ਰਾਮ, ਦੇਵੀ ਸੀਤਾ, ਲਕਸ਼ਮਣ ਤੇ ਹਨੂੰਮਾਨ ਦੀਆਂ ਮੂਰਤੀਆਂ ਹੋਣਗੀ। ਇਸ ਦੇ ਨਾਲ ਅਯੁੱਧਿਆ ਦੇ ਰਾਮ ਮੰਦਰ ਦਾ ਪ੍ਰਸਾਦ ਤੇ ਪ੍ਰਾਣ ਪ੍ਰਤਿਸ਼ਠਾ ਨਾਲ ਪੂਜੇ ਅਕਸ਼ਤ ਕਲਸ਼ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਤੋਂ ਇਲਾਵਾ ਕੈਨੇਡਾ ਵਿਚ ਵੱਖਰੀ ਰੱਥ ਯਾਤਰਾ ਕੱਢੀ ਜਾਵੇਗੀ, ਜਿਸ ਦਾ ਇੰਤਜ਼ਾਮ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਕੈਨੇਡਾ ਇਕਾਈ ਵੱਲੋਂ ਕੀਤਾ ਜਾਵੇਗਾ, ਯਾਤਰਾ ਉਥੋਂ ਦੇ 150 ਮੰਦਰਾਂ ਵਿੱਚੋਂ ਲੰਘੇਗੀ।