ਰੋਮ, 15 ਜੁਲਾਈ 2024 : ਇਟਲੀ ਦੇ ਮਾਨਟੋਵਾ ਦੇ ਅਧੀਨ ਆਉਂਦੇ ਪਿੰਡ ਸਾਕਾ ਵਿੱਚ ਇੱਕ ਪੰਜਾਬੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮ੍ਰਿਤਕ ਦੀ ਪਹਿਚਾਣ ਹਰਪ੍ਰੀਤ ਸਿੰਘ (45) ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਆਪਣਾ ਕੰਮ ਖਤਮ ਕਰਨ ਤੋਂ ਬਾਅਦ ਸਾਇਕਲ ਤੇ ਸਵਾਰ ਹੋ ਕੇ ਜਾ ਵਾਪਰ ਘਰ ਜਾ ਰਿਹਾ ਸੀ ਕਿ ਉਸਨੂੰ ਇੱਕ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਨੂੰ ਇਤਾਵਲੀ ਔਰਤ ਚਲਾ ਰਹੀ ਸੀ, ਟੱਕਰ ਐਨੀ ਭਿਆਨਕ ਸੀ ਕਿ ਹਰਪ੍ਰੀਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਮ੍ਰਿਤਕ ਹਰਪ੍ਰੀਤ ਸਿੰਘ ਪੰਜਾਬ ਦੇ ਜਿਲ੍ਹਾ ਲੁਧਿਆਣਾ ਦੀ ਤਹਿਸੀਲ ਰਾਏਕੋਟ ਦੇ ਪਿੰਡ ਅਕਾਲਗੜ੍ਹ ਖੁਰਦ ਦਾ ਵਸਨੀਕ ਸੀ। ਮ੍ਰਿਤਕ ਹਰਪ੍ਰੀਤ ਸਿੰਘ ਤਕਰੀਬਨ 12-13 ਸਾਲ ਪਹਿਲਾਂ ਆਪਣੇ ਅਤੇ ਪਰਿਵਾਰ ਦੇ ਚੰਗੇ ਭਵਿੱਖ ਲਈ ਇਟਲੀ ਗਿਆ ਸੀ, ਜਿਸ ਨੇ ਪੀਆਰ ਹੋਣ ਤੋਂ ਬਾਅਦ ਆਪਣੀ ਪਤਨੀ ਅਤੇ ਪੁੱਤਰ ਨੂੰ ਵੀ ਇਟਲੀ ਬੁਲਾ ਲਿਆ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ, ਪੁੱਤ ਅਤੇ ਬਜ਼ੁਰਗ ਮਾਂ-ਬਾਪ ਛੱਡ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਹਰਪ੍ਰੀਤ ਸਿੰਘ ਦੀ ਪਤਨੀ ਅਤੇ ਪੁੱਤ ਪੰਜਾਬ ਪਿੰਡ ਅਕਾਲਗੜ੍ਹ ਗਏ ਹੋਏ ਹਨ। ਜਿੰਨ੍ਹਾਂ ਨੂੰ ਇਸ ਘਟਨਾਂ ਬਾਰੇ ਪਤਾ ਲੱਗਣ ਤੇ ਉਨ੍ਹਾਂ ਦੇ ਘਰ ਅਤੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ।