ਪਾਕਿਸਤਾਨ : ਸੁਪਰੀਮ ਕੋਰਟ ਪਾਕਿਸਤਾਨ ਵਲੋਂ ਸਿੱਖਾਂ ਨੂੰ ਪਾਕਿਸਤਾਨ ਵਿੱਚ ਵੱਖਰੀ ਪਛਾਣ ਦੇਣ ਦਾ ਫ਼ੈਸਲਾ ਕੀਤਾ ਹੈ, ਹੁਣ ਮਰਦਮਸ਼ੁਮਾਰੀ ਸਮੇਂ ਸਿੱਖਾਂ ਨੂੰ ਇੱਕ ਵੱਖਰੀ ਕੌਮ ਵਜੋਂ ਮੰਨਿਆ ਤਾਂ ਜਾਵੇਗਾ। ਉਨ੍ਹਾਂ ਵਾਸਤੇ ਵੱਖਰੇ ਖ਼ਾਨੇ ਵੀ ਦਰਜ ਕੀਤੇ ਜਾਣਗੇ। ਹੁਣ ਤੱਕ ਸਿੱਖ ਭਾਈਚਾਰੇ ਦੀ ਗਿਣਤੀ ਹੋਰ ਧਰਮਾਂ ਦੇ ਨਾਮ ਹੇਠ ਇਕ ਕਾਲਮ ਵਿਚ ਹੁੰਦੀ ਸੀ, ਜਿਸ ਕਾਰਨ ਸਿੱਖ ਭਾਈਚਾਰੇ ਦੀ ਸਹੀ ਗਿਣਤੀ ਬਾਰੇ ਅੰਕੜੇ ਨਹੀਂ ਸਨ। ਪਾਕਿਸਤਾਨ ਵਿਚ ਸਿੱਖ ਭਾਈਚਾਰੇ ਨੂੰ ਇਹ ਹੱਕ ਲੰਮੀ ਲੜਾਈ ਮਗਰੋਂ ਪ੍ਰਾਪਤ ਹੋਇਆ ਹੈ। ਪਾਕਿਸਤਾਨ ਦੇ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ’ਤੇ ਇਹ ਫ਼ੈਸਲਾ ਲਿਆ ਗਿਆ ਹੈ ਜਿਸ ਤਹਿਤ ਪਾਕਿਸਤਾਨ ਅੰਕੜਾ ਬਿਊਰੋ ਵੱਲੋਂ ਮਰਦਮਸ਼ੁਮਾਰੀ ਫਾਰਮ ਵਿਚ ਸਿੱਖਾਂ ਦੀ ਗਿਣਤੀ ਵਾਸਤੇ ਸਿੱਖ ਭਾਈਚਾਰੇ ਨੂੰ ਇਕ ਵੱਖਰੇ ਖਾਨੇ ਵਿਚ ਦਰਜ ਕੀਤਾ ਜਾਵੇਗਾ। ਇਥੇ ਦੱਸਣਾ ਬਣਦਾ ਹੈ ਕਿ, ਇਸ ਤੋਂ ਪਹਿਲਾਂ ਬਾਕੀ ਕੌਮਾਂ ਵਿੱਚ ਸਿੱਖਾਂ ਨੂੰ ਆਪਣੀ ਪਛਾਣ ਦੱਸਣੀ ਪੈਂਦੀ ਸੀ, ਜਦੋਂਕਿ ਹੁਣ ਸੁਪਰੀਮ ਕੋਰਟ ਨੇ ਜਨਗਣਨਾ ਵਿਚ ਸੋਧ ਕਰਕੇ ਸਿੱਖਾਂ ਲਈ ਵੱਖਰਾ ਕਾਲਮ ਬਣਾ ਦਿੱਤਾ ਗਿਆ ਹੈ।