ਵਾਸਿੰਗਟਨ, 11 ਫਰਵਰੀ : ਅਮਰੀਕੀ ਅਰਬਪਤੀ ਕਾਰੋਬਾਰੀ ਐਲਨ ਮਸਕ ਨੇ ਪੁਲਾੜ ’ਚ ਉੱਦਮ ਦੇ ਇਕ ਹੋਰ ਕ੍ਰਾਂਤੀਕਾਰੀ ਕਦਮ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਮਨੁੱਖ ਜਾਤੀ ਨੂੰ ਧਰਤੀ ਤੋਂ ਇਲਾਵਾ ਮੰਗਲ ਗ੍ਰਹਿ ’ਤੇ ਵਸਾਉਣ ਲਈ ਕਈ ਵੱਡੇ ਦਾਅਵੇ ਕੀਤੇ ਹਨ ਜਿਨ੍ਹਾਂ ਨੂੰ ਹਾਲੇ ਤੱਕ ਸਿਰਫ਼ ਕਲਪਨਾ ਦੀ ਉਡਾਣ ਮੰਨਿਆ ਜਾਂਦਾ ਸੀ। ਮਸਕ ਦਾ ਕਹਿਣਾ ਹੈ ਕਿ ਉਹ ਇਕ ਅਜਿਹੀ ਕਾਰਜ ਯੋਜਨਾ ਤਿਆਰ ਕਰ ਰਹੇ ਹਨ ਜਿਸ ਨਾਲ 10 ਲੱਖ ਲੋਕਾਂ ਨੂੰ ਧਰਤੀ ਤੋਂ ਮੰਗਲ ਗ੍ਰਹਿ ’ਤੇ ਲਿਜਾਇਆ ਜਾਵੇਗਾ। ਇਕ ਦਿਨ ਅਜਿਹਾ ਵੀ ਆਵੇਗਾ ਜਦੋਂ ਮੰਗਲ ਗ੍ਰਹਿ ਲਈ ਉਡਾਣ ਦੇਸ਼ ਦੇ ਹੀ ਇਕ ਕੋਨੇ ਤੋਂ ਦੂਜੇ ਕੋਨੇ ’ਚ ਜਹਾਜ਼ ਰਾਹੀਂ ਜਾਣ ਵਰਗੀ ਹੋਵੇਗੀ। ਸਪੇਸ ਐਕਸ ਦੇ ਸੰਸਥਾਪਕ ਐਲਨ ਮਸਕ ਨੇ ਐਤਵਾਰ ਨੂੰ ‘ਐਕਸ’ ’ਤੇ ਇਕ ਪੋਸਟ ਦੇ ਜਵਾਬ ’ਚ ਕਿਹਾ ਕਿ ਸੱਭਿਅਤਾ ਇਕ ਗ੍ਰਹਿ ਦਾ ਸਫ਼ਰ ਤੈਅ ਕਰ ਲਵੇਗੀ। ਜਦੋਂ ਧਰਤੀ ਤੋਂ ਪੁਲਾੜ ਵਾਹਨ ਜਾਣੇ ਬੰਦ ਵੀ ਹੋ ਜਾਣਗੇ, ਉਦੋਂ ਵੀ ਮੰਗਲ ’ਤੇ ਜਿਊਂਦੇ ਰਿਹਾ ਜਾ ਸਕਦਾ ਹੈ। ਇਕ ਇੰਟਰਨੈੱਟ ਯੂਜ਼ਰ ਦੇ ਲਾਲ ਗ੍ਰਹਿ ’ਤੇ ਜਾਣ ਲਈ ਸਟਾਰਸ਼ਿਪ ਲਾਂਚ ਕਰਨ ਬਾਰੇ ਪੁੱਛੇ ਜਾਣ ’ਤੇ ਮਸਕ ਨੇ ਕਿਹਾ ਕਿ ਪੰਜ ਸਾਲਾਂ ਤੋਂ ਵੀ ਘੱਟ ਸਮੇਂ ’ਚ ਸਟਾਰਸ਼ਿਪ ਚੰਦਰਮਾ ਤੱਕ ਜਾ ਸਕੇਗੀ। ਸਟਾਰਸ਼ਿਪ ਸਭ ਤੋਂ ਵੱਡਾ ਰਾਕਟ ਹੈ ਤੇ ਇਹੀ ਸਾਨੂੰ ਮੰਗਲ ਗ੍ਰਹਿ ਤੱਕ ਲੈ ਕੇ ਜਾਵੇਗਾ। ਮੰਗਲ ਗ੍ਰਹਿ ’ਤੇ ਰਹਿਣ ਲਈ ਹਾਲੇ ਕਾਫ਼ੀ ਕੰਮ ਕੀਤਾ ਜਾਣਾ ਬਾਕੀ ਹੈ। ਸਪੇਸ ਐਕਸ ਡ੍ਰੈਗਨ ਸਪੇਸਸ਼ਿਪ ਪੁਲਾੜ ਯਾਤਰੀਆਂ ਨੂੰ ਧਰਤੀ ਤੋਂ ਸਭ ਤੋਂ ਵੱਧ ਦੂਰੀ ਵਾਲੇ ਸਥਾਨ ਤੱਕ ਲਿਜਾਣ ’ਚ ਪੰਜਾਹ ਸਾਲਾਂ ਤੋਂ ਜ਼ਿਆਦਾ ਸਮਾਂ ਲਗਾ ਦੇਵੇਗੀ। ਇਸ ਤੋਂ ਪਹਿਲਾਂ ਜਨਵਰੀ ’ਚ ‘ਐਕਸ’ ਦੇ ਮਾਲਕ ਐਲਨ ਮਸਕ ਨੇ ਕਿਹਾ ਸੀ ਕਿ ਇਨਸਾਨਾਂ ਨੂੰ ਚੰਦਰਮਾ ’ਤੇ ਅਗਲੇ ਅੱਠ ਸਾਲਾਂ ’ਚ ਭੇਜਿਆ ਜਾ ਸਕੇਗਾ। ਹੁਣ ਤੋਂ ਅੱਠ ਸਾਲ ਬਾਅਦ ਤੱਕ ਅਸੀਂ ਮੰਗਲ ਗ੍ਰਹਿ ’ਤੇ ਉਤਰ ਚੁੱਕੇ ਹੋਵਾਂਗੇ ਤੇ ਚੰਦਰਮਾ ’ਤੇ ਵੀ ਲੋਕਾਂ ਨੂੰ ਭੇਜਿਆ ਜਾ ਚੁੱਕਾ ਹੋਵੇਗਾ। ਮਨੁੱਖ ਜਾਤੀ ਨੂੰ ਮੰਗਲ ਗ੍ਰਹਿ ’ਤੇ ਚੰਦਰਮਾ ਆਧਾਰਤ ਸ਼ਹਿਰ ਵਸਾਉਣੇ ਚਾਹੀਦੇ ਹਨ ਤੇ ਉੱਥੋਂ ਅੱਗੇ ਦੇ ਤਾਰਿਆਂ ਦਾ ਸਫ਼ਰ ਤੈਅ ਕਰਨਾ ਚਾਹੀਦਾ ਹੈ। ਸਾਡਾ ਚੰਦਰਮਾ ’ਤੇ ਮਨੁੱਖ ਨੂੰ ਵਸਾਉਣ ਵਾਲਾ ਸਥਾਈ ਬੇਸ ਹੋਣਾ ਚਾਹੀਦਾ ਹੈ ਤੇ ਉੱਥੋਂ ਹੀ ਲੋਕਾਂ ਨੂੰ ਮੰਗਲ ਗ੍ਰਹਿ ’ਤੇ ਭੇਜਿਆ ਜਾਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਉਸ ਸਮੇਂ ਇਹ ਸਪੇਸ ਸਟੇਸ਼ਨ ਤੋਂ ਪਰੇ ਕੋਈ ਵਿਵਸਥਾ ਹੋਵੇ, ਇਹ ਭਵਿੱਖ ’ਚ ਦੇਖਿਆ ਜਾਵੇਗਾ। ਮਸਕ ਨੇ ਇਹ ਉਮੀਦ ਵੀ ਪ੍ਰਗਟਾਈ ਹੈ ਕਿ ਇਸ ਸਾਲ ਸਟਾਰਸ਼ਿਪ ਦੀ ਤੀਜੀ ਫਲਾਈਟ ਪੰਧ ’ਚ ਪੁੱਜ ਜਾਵੇਗੀ।