ਇਸਲਾਮਾਬਾਦ, 8 ਜੂਨ : ਪਾਕਿਸਤਾਨ ’ਚ ਪੰਜਾਬ ਵਿਧਾਨ ਸਭਾ ’ਚ ਹੁਣ ਵਿਧਾਇਕਾਂ ਨੂੰ ਪੰਜਾਬੀ ਸਮੇਤ ਚਾਰ ਸਥਾਨਕ ਭਾਸ਼ਾਵਾਂ ’ਚ ਬੋਲਣ ਦਾ ਅਧਿਕਾਰ ਮਿਲ ਗਿਆ ਹੈ। ਇਹ ਉਰਦੂ ਤੇ ਅੰਗਰੇਜ਼ੀ ਦੇ ਇਲਾਵਾ ਹੈ। ਇਸ ਨੂੰ ਲੈ ਕੇ ਇਕ ਸੋਧ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸਪੀਕਰ ਮਲਿਕ ਮੁਹੰਮਦ ਅਹਿਮਦ ਖਾਨ ਦੀ ਅਗਵਾਈ ’ਚ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਕਮੇਟੀ ਨੇ ਵੀਰਵਾਰ ਨੂੰ ਇਸ ਸੋਧ ਨੂੰ ਮਨਜ਼ੂਰੀ ਦਿੱਤੀ। ਇਸ ਵਿਚ ਅੰਗਰੇਜ਼ੀ ਤੇ ਉਰਦੂ ਤੋਂ ਇਲਾਵਾ ਚਾਰ ਭਾਸ਼ਾਵਾਂ ਪੰਜਾਬੀ, ਸਰਾਏਕੀ, ਪੋਠੋਹਾਰੀ ਤੇ ਮੇਵਾਤੀ ’ਚ ਸਦਨ ਨੂੰ ਸੰਬੋਧਨ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਜੇਕਰ ਕਿਸੇ ਸ਼ਖਸ ਨੂੰ ਉਰਦੂ ਤੇ ਅੰਗਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ’ਚ ਬੋਲਣਾ ਹੁੰਦਾ ਸੀ ਤਾਂ ਉਨ੍ਹਾਂ ਨੂੰ ਸਪੀਕਰ ਤੋਂ ਮਨਜ਼ੂਰੀ ਲੈਣ ਦੀ ਜ਼ਰੂਰਤ ਪੈਂਦੀ ਸੀ। ਅਹਿਮਦ ਖਾਨ ਨੇ ਕਿਹਾ ਕਿ ਸਰਕਾਰੀ ਕਾਰਵਾਈ ’ਚ ਖੇਤਰੀ ਭਾਸ਼ਾਵਾਂ ਨੂੰ ਮਾਨਤਾ ਦੇਣਾ ਤੇ ਸ਼ਾਮਲ ਕਰਨਾ ਪੰਜਾਬ ਦੀ ਭਾਸ਼ਾਈ ਵਿਰਾਸਤ ਪ੍ਰਤੀ ਸੱਭਿਆਚਾਰਕ ਸਨਮਾਨ ਤੇ ਮਨਜ਼ੂਰੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਨਿਯਮਾਂ ’ਚ ਸੋਧ ਦਾ ਮਕਸਦ ਇਨ੍ਹਾਂ ਭਾਸ਼ਾਵਾਂ ਨੂੰ ਬੋਲਣ ਵਾਲਿਆਂ ਲਈ ਪਹੁੰਚ ਵਧਾਉਣਾ ਤੇ ਜ਼ਿਆਦਾ ਨੁਮਾਇੰਦੇ ਤੇ ਜਵਾਬਦੇਹ ਵਿਧਾਨਕ ਸੰਸਥਾ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਬਦਲਾਅ ਵਿਧਾਇਕਾਂ ਨੂੰ ਵਿਧਾਨਕ ਚਰਚਾਵਾਂ ’ਚ ਅਸਰਦਾਰ ਤਰੀਕੇ ਨਾਲ ਹਿੱਸਾ ਲੈਣ ’ਚ ਸਮਰੱਥ ਬਣਾਏਗਾ।