ਖੈਬਰ ਪਖਤੂਨਖਵਾ ਸੂਬੇ 'ਚ ਕੋਲੇ ਦੀ ਖਾਨ 'ਚ ਗੈਸ ਧਮਾਕਾ, 9 ਮਜ਼ਦੂਰਾਂ ਦੀ ਮੌਤ

ਪੇਸ਼ਾਵਰ (ਏਜੰਸੀ) : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਇਕ ਕੋਲੇ ਦੀ ਖਾਨ 'ਚ ਗੈਸ ਧਮਾਕਾ ਹੋ ਗਿਆ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਧਮਾਕੇ ਵਿੱਚ 9 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਜ਼ਿਲਾ ਪੁਲਸ ਅਧਿਕਾਰੀ ਨਜ਼ੀਰ ਖਾਨ ਨੇ ਦੱਸਿਆ ਕਿ ਬੁੱਧਵਾਰ ਨੂੰ ਖੈਬਰ ਪਖਤੂਨਖਵਾ ਦੇ ਓਰਕਜ਼ਈ ਕਬਾਇਲੀ ਜ਼ਿਲੇ 'ਚ ਡੌਲੀ ਕੋਲਾ ਖਾਨ 'ਚ 13 ਮਜ਼ਦੂਰ ਮੌਜੂਦ ਸਨ, ਜਦੋਂ ਗੈਸ ਦੀ ਚੰਗਿਆੜੀ ਕਾਰਨ ਧਮਾਕਾ ਹੋਇਆ।

ਖਣਿਜ ਵਿਕਾਸ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਨੇ ਮੌਕੇ ਦਾ ਮੁਆਇਨਾ
ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ, ਡਿਪਟੀ ਕਮਿਸ਼ਨਰ ਅਦਨਾਨ ਖਾਨ ਨੇ ਅੱਗੇ ਦੱਸਿਆ ਕਿ ਖਾਣ ਦੇ ਅੰਦਰੋਂ ਲੀਜ਼ ਠੇਕੇਦਾਰ ਸਮੇਤ 9 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਖਾਨ ਨੇ ਅੱਗੇ ਦੱਸਿਆ ਕਿ ਧਮਾਕੇ 'ਚ ਚਾਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖ਼ਮੀਆਂ ਦਾ ਇਲਾਜ ਕੇਡੀਏ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਵਿੱਚ ਚੱਲ ਰਿਹਾ ਹੈ। ਪਾਕਿਸਤਾਨ ਸਰਕਾਰ ਦੇ ਖਣਿਜ ਵਿਕਾਸ ਵਿਭਾਗ ਦੇ ਅਧਿਕਾਰੀਆਂ ਦੀ ਇੱਕ ਟੀਮ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਅਤੇ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਇਆ ਕਿ ਖਾਨ ਅੰਦਰ ਗੈਸ ਦੀ ਚੰਗਿਆੜੀ ਹੈ। ਦੱਸ ਦੇਈਏ ਕਿ ਅਫਗਾਨ ਸਰਹੱਦ ਨਾਲ ਲੱਗਦੇ ਉੱਤਰ-ਪੱਛਮੀ ਓਰਕਜ਼ਈ ਜ਼ਿਲ੍ਹੇ ਵਿੱਚ ਕੋਲੇ ਦੇ ਭੰਡਾਰ ਪਾਏ ਜਾਂਦੇ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਥਾਵਾਂ 'ਤੇ ਧਮਾਕਿਆਂ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ। ਕੋਹਾਟ ਡਿਵੀਜ਼ਨਲ ਕਮਿਸ਼ਨਰ ਮਹਿਮੂਦ ਅਸਲਮ ਵਜ਼ੀਰ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਅਸੀਮ ਵਜ਼ੀਰ ਨੇ ਅੱਗੇ ਚੇਤਾਵਨੀ ਦਿੱਤੀ ਕਿ ਲਾਪਰਵਾਹੀ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਧਮਾਕਾ 2500 ਫੁੱਟ ਦੀ ਡੂੰਘਾਈ 'ਤੇ ਹੋਇਆ।

ਸ਼ਾਹਬਾਜ਼ ਸ਼ਰੀਫ ਨੇ ਇਸ ਘਟਨਾ 'ਤੇ ਦੁੱਖ ਪ੍ਰਗਟਾਇਆ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ਾਹਬਾਜ਼ ਸ਼ਰੀਫ਼ ਨੇ ਇਸ ਘਟਨਾ 'ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਧਮਾਕੇ ਵਿੱਚ ਮਾਰੇ ਗਏ ਮਜ਼ਦੂਰਾਂ ਦੇ ਪਰਿਵਾਰਾਂ ਨਾਲ ਵੀ ਹਮਦਰਦੀ ਪ੍ਰਗਟ ਕੀਤੀ ਅਤੇ ਸਬੰਧਤ ਅਧਿਕਾਰੀਆਂ ਨੂੰ ਜ਼ਖ਼ਮੀਆਂ ਨੂੰ ਹਰ ਸੰਭਵ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ।