ਮਾਸਕੋ, 07 ਜੂਨ : ਰੂਸ ਦੇ ਸੇਂਟ ਪੀਟਰਸਬਰਗ ਕੋਲ ਇਕ ਤੇਜ਼ ਵਹਾਅ ਵਾਲੀ ਨਹਿਰ ’ਚ ਡੁੱਬਣ ਕਾਰਨ ਚਾਰ ਭਾਰਤੀ ਮੈਡੀਕਲ ਦੇ ਵਿਦਿਆਰਥੀਆਂ ਦੀ ਮੌਤ ਹੋ ਗਈ। ਮਰਨ ਵਾਲੇ ਸਾਰੇ ਵਿਦਿਆਰਥੀ ਹਰਸ਼ਲ ਅਨੰਤਰਾਓ ਦੇਸਾਲੇ, ਜਿਸ਼ਾਨ ਅਸ਼ਪਾਕ ਪਿੰਜਾਰੀ, ਜੀਆ ਫਿਰੋਜ਼ ਪਿੰਜਾਰੀ ਤੇ ਮਲਿਕ ਗੁਲਾਮਗੌਸ ਮੁਹੰਮਦ ਯਾਕੂਬ ਮਹਾਰਾਸ਼ਟਰ ਦੇ ਜਲਗਾਓਂ ਦੇ ਰਹਿਣ ਵਾਲੇ ਸਨ। ਉਹ ਨੋਵਗੋਰੋਡ ਸਟੇਟ ਯੂਨੀਵਰਸਿਟੀ ’ਚ ਪੜ੍ਹਦੇ ਸਨ। ਸਥਾਨਕ ਲੋਕਾਂ ਨੇ ਉਨ੍ਹਾਂ ਨਾਲ ਮੌਜੂਦ ਨਿਸ਼ਾ ਭੂਪੇਸ਼ ਸੋਨਾਵਣੇ ਨੂੰ ਬਚਾ ਲਿਆ। ਹੁਣ ਤੱਕ ਵੋਲਖੋਵ ਨਹਿਰ ’ਚੋਂ ਦੋ ਲਾਸ਼ਾਂ ਕੱਢੀਆਂ ਗਈਆਂ ਹਨ। ਬਾਕੀਆਂ ਦੀ ਭਾਲ ਜਾਰੀ ਹੈ। ਸਾਰੇ ਆਪਣੇ ਨਾਲ ਪੜ੍ਹਨ ਵਾਲੀ ਇਕ ਵਿਦਿਆਰਥਣ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਡੁੱਬ ਗਏ। ਉਨ੍ਹਾਂ ਦੀ ਉਮਰ 18 ਤੋਂ 20 ਸਾਲ ਵਿਚਾਲੇ ਸੀ। ਜਿਸ਼ਾਨ ਤੇ ਜੀਆ ਮਹਾਰਾਸ਼ਟਰ ਦੇ ਜਲਗਾਓਂ ਦੇ ਅਮਲਨੇਰ ਦੇ ਰਹਿਣ ਵਾਲੇ ਸਨ। ਉਹ ਭਰਾ-ਭੈਣ ਸਨ। ਹਰਸ਼ਲ ਦੇਸਲੇ ਜਲਗਾਓਂ ਦੇ ਹੀ ਭਡਗਾਓਂ ਦਾ ਰਹਿਣ ਵਾਲਾ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਸੇਂਟ ਪੀਟਰਸਬਰਗ ’ਚ ਭਾਰਤੀ ਵਣਜ ਦੂਤਘਰ, ਯੂਨੀਵਰਸਿਟੀ ਤੇ ਸਥਾਨਕ ਅਧਿਕਾਰੀਆਂ ਦੇ ਸੰਪਰਕ ’ਚ ਹੈ ਤੇ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ। ਮਾਸਕੋ ’ਚ ਭਾਰਤੀ ਦੂਤਘਰ ਨੇ ਕਿਹਾ ਹੈ ਕਿ ਹਾਦਸੇ ’ਚ ਬਚਾਈ ਗਈ ਵਿਦਿਆਰਥਣ ਨੂੰ ਮੈਡੀਕਲ ਸਹੂਲਤ ਦਿੱਤੀ ਜਾ ਰਹੀ ਹੈ। ਇਕ ਵਿਦਿਆਰਥੀ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਸਾਰੇ ਵਿਦਿਆਰਥੀ ਸ਼ਾਮ ਨੂੰ ਖਾਲੀ ਸਮੇਂ ’ਚ ਵੋਲਖੋਵ ਨਹਿਰ ਦੇ ਕੰਢੇ ਸੈਰ ਕਰ ਰਹੇ ਸਨ। ਅਚਾਨਕ ਉਹ ਨਹਿਰ ’ਚ ਦਾਖ਼ਲ ਹੋ ਗਏ। ਨਹਿਰ ’ਚ ਖੜ੍ਹੇ ਹੋ ਕੇ ਜਿਸ਼ਾਨ ਨੇ ਉਨ੍ਹਾਂ ਨੂੰ ਵੀਡੀਓ ਕਾਲ ਕੀਤੀ ਸੀ। ਉਨ੍ਹਾਂ ਦੇ ਪਿਤਾ ਤੇ ਪਰਿਵਾਰ ਦੇ ਹੋਰ ਲੋਕ ਜਿਸ਼ਾਨ ਤੇ ਸਾਰੇ ਵਿਦਿਆਰਥੀਆਂ ਨੂੰ ਪਾਣੀ ’ਚੋਂ ਬਾਹਰ ਨਿਕਲਣ ਲਈ ਲਗਾਤਾਰ ਕਹਿ ਰਹੇ ਸਨ ਕਿ ਇਕ ਤੇਜ਼ ਲਹਿਰ ਉਨ੍ਹਾਂ ਨੂੰ ਰੋੜ੍ਹ ਕੇ ਲੈ ਗਈ।