ਅਲ ਸਲਵਾਡੋਰ ਵਿੱਚ ਫੁੱਟਬਾਲ ਮੈਚ ਦੌਰਾਨ ਮੱਚੀ ਭਗਦੜ,  9 ਲੋਕਾਂ ਦੀ ਮੌਤ, 500 ਜਖ਼ਮੀ 

ਅਲ ਸਲਵਾਡੋਰ, 21 ਮਈ : ਅਮਰੀਕੀ ਦੇਸ਼ ਅਲ ਸਲਵਾਡੋਰ ਵਿੱਚ ਇੱਕ ਫੁੱਟਬਾਲ ਮੈਚ ਦੌਰਾਨ ਮੱਚੀ ਭਗਦੜ ਦੌਰਾਨ 9 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਅਲ ਸਲਵਾਡੋਰ ਦੀ ਨੈਸ਼ਨਲ ਸਿਵਲ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮੈਚ ਦੇਖਣ ਲਈ ਕੁੱਝ ਲੋਕਾਂ ਨੇ ਧੱਕੇ ਨਾਲ ਸਟੇਡੀਅਮ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਦੌਰਾਨ ਭਗਦੜ ਮੱਚ ਗਈ। ਮੀਡੀਆ ਅਨੁਸਾਰ ਅਲ ਸਲਵਾਡੋਰ ਦੀਆਂ ਸਥਾਨਕ ਫੁੱਟਬਾਲ ਟੀਮਾਂ ਅਲੀਅਨਜਾ ਅਤੇ ਐਫਏਐਸ ਦੋਵੇਂ ਟੀਮਾਂ ਲੋਕਾਂ ਦੀਆਂ ਪਸੰਸੀਦਾ ਟੀਮਾਂ ਹਨ, ਇਹੀ ਕਾਰਨ ਹੈ ਕਿ ਮੈਚ ਦੇਖਣ ਲਈ ਲੋਕ ਵੱਡੀ ਗਿਣਤੀ ‘ਚ ਸਟੇਡੀਅਮ ਪੁੱਜੇ।ਇਸ ਦੌਰਾਨ ਹੀ ਕੁੱਝ ਲੋਕਾਂ ਨੇ ਧੱਕੇ ਨਾਲ ਸਟੇਡੀਅਮ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਭਗਦੜ ਮੱਚ ਗਈ ਤੇ ਦਮ ਘੁੱਟਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ 500 ਦੇ ਕਰੀਬ ਲੋਕ ਜਖ਼ਮੀ ਵੀ ਹੋਏ ਹਨ, ਜਿੰਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਖ਼ਮੀਆਂ ਵਿੱਚੋਂ ਕੁੱਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਹਾਦਸਾ ਵਾਪਰਨ ਤੋਂ ਬਾਅਦ ਮੈਚ ਰੱਦ ਕਰ ਦਿੱਤਾ ਗਿਆ ਹੈ। ਸਲਵਾਡੋਰਨ ਦੇ ਸਿਹਤ ਮੰਤਰੀ ਫਰਾਂਸਿਸਕੋ ਐਲਬੀ ਨੇ ਕਿਹਾ ਕਿ ਸਟੇਡੀਅਮ ਦੇ ਬਾਹਰ ਐਮਰਜੈਂਸੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਸਟੇਡੀਅਮ ਦੇ ਬਾਹਰ ਕਈ ਐਂਬੂਲੈਂਸਾਂ ਵੀ ਖੜ੍ਹੀਆਂ ਹਨ, ਜੋ ਜ਼ਖ਼ਮੀਆਂ ਨੂੰ ਹਸਪਤਾਲ ਲੈ ਕੇ ਗਈਆਂ।