ਬਲੋਚਿਸਤਾਨ ਵਿੱਚ ਕੋਲੇ ਦੀ ਖਾਨ 'ਚ ਹੋਇਆ ਧਮਾਕਾ, 12 ਲੋਕਾਂ ਦੀ ਮੌਤ 

ਬਲੋਚਿਸਤਾਨ, (ਪੀਟੀਆਈ) 20 ਮਾਰਚ : ਬਲੋਚਿਸਤਾਨ ਸੂਬੇ ਵਿੱਚ ਇੱਕ ਕੋਲੇ ਦੀ ਖਾਨ ਵਿੱਚ ਧਮਾਕੇ ’ਚ 12 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਬਹੁਤ ਜ਼ਬਰਦਸਤ ਸੀ। ਇਸ ਕਾਰਨ ਕੋਲੇ ਦੀ ਖਾਨ ਢਹਿ ਗਈ ਅਤੇ 12 ਲੋਕਾਂ ਦੀ ਜਾਨ ਚਲੀ ਗਈ। ਅਧਿਕਾਰੀ ਮੁਤਾਬਕ ਇਸ ਹਾਦਸੇ ਤੋਂ ਬਾਅਦ ਕਰੀਬ ਅੱਠ ਲੋਕਾਂ ਨੂੰ ਬਚਾ ਲਿਆ ਗਿਆ ਹੈ। ਡਾਨ ਅਖਬਾਰ ਦੀ ਖਬਰ ਮੁਤਾਬਕ ਇਹ ਘਟਨਾ ਹਰਨਾਈ ਜ਼ਿਲੇ ਦੇ ਜ਼ਰਦਾਲੋ ਇਲਾਕੇ ਦੀ ਹੈ। ਰਿਪੋਰਟ 'ਚ ਬਲੋਚਿਸਤਾਨ ਦੇ ਚੀਫ ਮਾਈਨਜ਼ ਇੰਸਪੈਕਟਰ ਅਬਦੁਲ ਗਨੀ ਬਲੋਚ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅੱਧੀ ਰਾਤ ਨੂੰ ਜਦੋਂ ਮੀਥੇਨ ਗੈਸ ਦਾ ਧਮਾਕਾ ਹੋਇਆ ਤਾਂ ਕਰੀਬ 20 ਲੋਕ ਅੰਦਰ ਮੌਜੂਦ ਸਨ। ਅਧਿਕਾਰੀ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਜੋ ਬੁੱਧਵਾਰ ਨੂੰ ਪੂਰਾ ਹੋ ਗਿਆ। ਬਚਾਅ ਟੀਮਾਂ ਨੇ 12 ਲਾਸ਼ਾਂ ਬਰਾਮਦ ਕੀਤੀਆਂ ਹਨ, ਜਦੋਂ ਕਿ ਅੱਠ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਅਬਦੁਲ ਗਨੀ ਬਲੋਚ ਨੇ ਦੱਸਿਆ ਕਿ ਰਾਤ ਨੂੰ ਹੀ ਖਾਨ 'ਚੋਂ 2 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ ਅਤੇ ਬਾਕੀ 10 ਲਾਸ਼ਾਂ ਨੂੰ ਬੁੱਧਵਾਰ ਸਵੇਰੇ ਕੱਢ ਲਿਆ ਗਿਆ ਸੀ। ਡਾਨ ਦੀ ਰਿਪੋਰਟ ਮੁਤਾਬਕ ਬਲੋਚਿਸਤਾਨ ਸੂਬੇ ਦੇ ਮਾਈਨਿੰਗ ਦੇ ਡਾਇਰੈਕਟਰ ਜਨਰਲ ਅਬਦੁੱਲਾ ਸ਼ਾਹਵਾਨੀ ਨੇ ਵੀ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਰੇਡੀਓ ਪਾਕਿਸਤਾਨ ਮੁਤਾਬਕ ਪ੍ਰਧਾਨ ਮੰਤਰੀ ਸ਼ਾਹਬਾਜ਼ ਨੇ ਨਿਰਦੇਸ਼ ਦਿੱਤੇ ਹਨ ਕਿ ਜ਼ਖਮੀਆਂ ਨੂੰ ਹਰ ਸੰਭਵ ਇਲਾਜ ਮੁਹੱਈਆ ਕਰਵਾਇਆ ਜਾਵੇ।