ਆਤਮਘਾਤੀ ਹਮਲੇ ਵਿੱਚ 5 ਚੀਨੀ ਨਾਗਰਿਕਾਂ ਦੀ ਮੌਤ

ਪੇਸ਼ਾਵਰ, (ਏਜੰਸੀ) 26 ਮਾਰਚ : ਉੱਤਰੀ-ਪੱਛਮੀ ਪਾਕਿਸਤਾਨ ਵਿੱਚ ਇੱਕ ਆਤਮਘਾਤੀ ਹਮਲੇ ਵਿੱਚ ਪੰਜ ਚੀਨੀ ਨਾਗਰਿਕ ਅਤੇ ਉਨ੍ਹਾਂ ਦੇ ਪਾਕਿਸਤਾਨੀ ਡਰਾਈਵਰ ਦੀ ਮੌਤ ਹੋ ਗਈ। ਰਾਇਟਰਜ਼ ਦੇ ਅਨੁਸਾਰ ਇੱਕ ਬੰਬ ਨੇ ਇਸਲਾਮਾਬਾਦ ਦੇ ਨੇੜੇ ਖੈਬਰ ਪਖਤੂਨਖਵਾ ਸੂਬੇ ਦੇ ਦਾਸੂ ਵਿੱਚ ਆਪਣੇ ਕੈਂਪ ਵੱਲ ਜਾ ਰਹੇ ਚੀਨੀ ਇੰਜੀਨੀਅਰਾਂ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ। ਖੇਤਰੀ ਪੁਲਿਸ ਮੁਖੀ ਮੁਹੰਮਦ ਅਲੀ ਗੰਡਾਪੁਰ ਨੇ ਦੱਸਿਆ ਕਿ ਹਮਲਾਵਰ ਨੇ ਵਿਸਫੋਟਕਾਂ ਨਾਲ ਭਰੀ ਗੱਡੀ ਨੂੰ ਕਾਫਲੇ ਨਾਲ ਟਕਰਾ ਦਿੱਤਾ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਚੀਨੀ ਨਾਗਰਿਕਾਂ 'ਤੇ ਹਮਲਾ ਹੋਇਆ ਹੈ। ਇਸ ਤੋਂ ਪਹਿਲਾਂ 2021 ਵਿੱਚ ਇੱਕ ਬੱਸ ਵਿੱਚ ਹੋਏ ਧਮਾਕੇ ਵਿੱਚ 9 ਚੀਨੀ ਨਾਗਰਿਕਾਂ ਸਮੇਤ 13 ਲੋਕ ਮਾਰੇ ਗਏ ਸਨ। ਚੀਨੀ ਕਾਫਲੇ 'ਤੇ ਹਮਲਾ ਅਜਿਹੇ ਦਿਨ ਹੋਇਆ ਹੈ ਜਦੋਂ ਪਾਕਿਸਤਾਨ ਪਹਿਲਾਂ ਹੀ ਆਪਣੇ ਦੂਜੇ ਸਭ ਤੋਂ ਵੱਡੇ ਏਅਰਬੇਸ, ਪੀਐਨਐਸ ਸਿੱਦੀਕੀ 'ਤੇ ਹਮਲੇ ਨਾਲ ਜੂਝ ਰਿਹਾ ਸੀ। ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਹਮਲੇ ਵਿੱਚ ਅਰਧ ਸੈਨਿਕ ਬਲ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਸੀ। ਜਦੋਂਕਿ ਪਾਕਿਸਤਾਨ ਵਾਲੇ ਪਾਸੇ ਤੋਂ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕਰਦੇ ਹੋਏ ਸਾਰੇ ਪੰਜਾਂ ਹਮਲਾਵਰਾਂ ਨੂੰ ਮਾਰ ਦਿੱਤਾ। ਇਸ ਦੌਰਾਨ ਫੌਜ ਨੇ ਕਿਹਾ ਕਿ ਪਾਕਿਸਤਾਨ ਸੁਰੱਖਿਆ ਬਲਾਂ ਨੇ ਖੈਬਰ ਪਖਤੂਨਖਵਾ ਸੂਬੇ 'ਚ ਇਕ ਖੁਫੀਆ ਕਾਰਵਾਈ 'ਚ ਚਾਰ ਅੱਤਵਾਦੀਆਂ ਨੂੰ ਮਾਰ ਦਿੱਤਾ। ਫੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ ਨੇ ਦੱਸਿਆ ਕਿ ਸੋਮਵਾਰ ਨੂੰ ਡੇਰਾ ਇਸਮਾਈਲ ਖਾਨ ਜ਼ਿਲ੍ਹੇ 'ਚ ਇਲਾਕੇ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ 'ਤੇ ਕਾਰਵਾਈ ਕੀਤੀ ਗਈ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਅੱਤਵਾਦੀਆਂ ਅਤੇ ਸੁਰੱਖਿਆ ਕਰਮੀਆਂ ਵਿਚਾਲੇ ਗੋਲੀਬਾਰੀ ਹੋਈ। ਜਿਸ 'ਚ ਚਾਰ ਅੱਤਵਾਦੀ ਮਾਰੇ ਗਏ। ਪਾਕਿਸਤਾਨ ਇੰਸਟੀਚਿਊਟ ਫਾਰ ਕੰਫਲਿਕਟ ਐਂਡ ਸਕਿਓਰਿਟੀ ਸਟੱਡੀਜ਼ ਦੀ ਰਿਪੋਰਟ ਮੁਤਾਬਕ ਫਰਵਰੀ 'ਚ 97 ਅੱਤਵਾਦੀ ਘਟਨਾਵਾਂ ਹੋਈਆਂ। ਜਿਸ ਵਿਚ 87 ਦੀ ਮੌਤ ਹੋ ਗਈ ਤੇ 118 ਜ਼ਖਮੀ ਹੋ ਗਏ।