ਅਰਕਨਸਾਸ, 23 ਜੂਨ 2024 : ਅਮਰੀਕਾ ਦੇ ਸ਼ਹਿਰ ਅਰਕਨਸਾਸ ਵਿੱਚ ਇੱਕ ਕਰਿਆਨੇ ਦੀ ਦੁਕਾਨ ਤੇ ਹੋਈ ਗੋਲੀਬਾਰੀ ਵਿੱਚ 4 ਲੋਕਾਂ ਦੀ ਮੌਤ ਅਤੇ 9 ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਬੰਦੂਕਧਾਰੀ ਨੇ ਸਟੋਰ ਦੇ ਅੰਦਰ ਅਤੇ ਪਾਰਕਿੰਗ ਵਿੱਚ ਗੋਲੀਬਾਰੀ ਕੀਤੀ ਤਾਂ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 9 ਜ਼ਖਮੀ ਹੋ ਗਏ। ਸੀਸੀਟੀਵੀ ਫੁਟੇਜ 'ਚ ਹਮਲਾਵਰ ਸਟੋਰ 'ਚ ਦਾਖਲ ਹੁੰਦੇ ਹੋਏ ਅਤੇ ਕਾਊਂਟਰ 'ਤੇ ਮੌਜੂਦ ਵਿਅਕਤੀ 'ਤੇ ਗੋਲੀਆਂ ਚਲਾਉਂਦੇ ਹੋਏ ਦੇਖਿਆ ਗਿਆ। ਸੀਸੀਟੀਵੀ ਫੁਟੇਜ 'ਚ ਦੇਖਿਆ ਜਾ ਸਕਦਾ ਹੈ ਕਿ ਗੋਲੀ ਲੱਗਣ ਤੋਂ ਬਾਅਦ ਪੀੜਤਾ ਜ਼ਮੀਨ 'ਤੇ ਡਿੱਗ ਗਈ। ਬੰਦੂਕਧਾਰੀ ਨੇ ਕਾਊਂਟਰ 'ਤੇ ਛਾਲ ਮਾਰ ਦਿੱਤੀ, ਸ਼ੈਲਫ ਤੋਂ ਕੁਝ ਫੜਿਆ, ਅਤੇ ਭੱਜ ਗਿਆ। ਇਸ ਦੌਰਾਨ ਬਿਲਿੰਗ ਕਾਊਂਟਰ 'ਤੇ ਮੌਜੂਦ ਗੋਪੀਕ੍ਰਿਸ਼ਨ ਨੂੰ ਗੋਲੀ ਲੱਗਣ ਨਾਲ ਗੰਭੀਰ ਸੱਟਾਂ ਲੱਗੀਆਂ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਅਗਲੇ ਦਿਨ ਉਸ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਆਂਧਰਾ ਪ੍ਰਦੇਸ਼ ਦਾ ਇੱਕ 32 ਸਾਲਾ ਵਿਅਕਤੀ ਵੀ ਸ਼ਾਮਲ ਹੈ। ਪੀੜਤ ਦੀ ਪਛਾਣ ਦਾਸਰੀ ਗੋਪੀਕ੍ਰਿਸ਼ਨ ਵਜੋਂ ਹੋਈ ਹੈ, ਜੋ ਕਿ ਬਪਤਲਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਦਾਸਰੀ ਗੋਪੀਕ੍ਰਿਸ਼ਨ 8 ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ, ਜੋ ਅਰਕਨਸਾਸ ਦੇ ਇੱਕ ਛੋਟੇ ਜਿਹੇ ਕਸਬੇ ਫੋਰਡੀਸ ਵਿੱਚ ਮੈਡ ਬੁਚਰ ਗਰੌਸਰੀ ਸਟੋਰ ਵਿੱਚ ਕੰਮ ਕਰਦਾ ਸੀ।