ਨਿਊਜਰਸੀ ਵਿੱਚ ਘਰ ਦੀ ਬੇਸਮੈਂਟ 'ਚ ਅੱਗ ਲੱਗਣ ਕਾਰਨ 2 ਦੀ ਮੌਤ

ਨਿਊ ਜਰਸੀ, 05 ਮਾਰਚ : ਅਮਰੀਕਾ ਦੇ ਨਿਊ ਜਰਸੀ ਸੂਬੇ ਦੇ ਟੀਨੈਕ ਕਸਬੇ ਵਿਚ ਇੱਕ ਘਰ ਦੀ ਬੇਸਮੈਂਟ 'ਚ ਅੱਗ ਲੱਗਣ ਕਾਰਨ 2 ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ, ਮ੍ਰਿਤਕਾਂ ਦੀ ਪਛਾਣ ਰਣਜੋਧ ਸਿੰਘ (35) ਅਤੇ ਮਨਜਿੰਦਰ ਕੌਰ (44) ਵਜੋਂ ਕੀਤੀ ਗਈ ਹੈ। ਜਦਕਿ ਰਣਜੋਧ ਸਿੰਘ ਦੀ ਪਤਨੀ ਮਨਜੀਤ ਕੌਰ (47) ਜੋ ਲਿਵਿੰਗਸਟਨ ਦੇ ਕੂਪਰਮੈਨ ਮੈਡੀਕਲ ਸੈਂਟਰ ਵਿਚ ਦਾਖਲ ਹੈ ਅਤੇ ਉਸ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਣਜੋਧ ਸਿੰਘ (35) ਨੇ ਖ਼ੁਦ ਨੂੰ ਅੱਗ ਲਗਾਈ ਸੀ ਅਤੇ ਇਸ ਮਗਰੋਂ ਮਾਮਲੇ ਹੋਰ ਅੱਗੇ ਵਧ ਗਿਆ। ਰਣਜੋਧ ਸਿੰਘ ਅਤੇ ਮਨਜਿੰਦਰ ਕੌਰ ਦੇ ਰਿਸ਼ਤੇ ਬਾਰੇ ਮੀਡੀਆ ਰਿਪੋਰਟਾਂ ਵਿਚ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ ਗਈ ਹੈ। ਮਨਜਿੰਦਰ ਕੌਰ ਆਪਣੇ ਪਿੱਛੇ ਇਕ ਬੇਟਾ ਛੱਡ ਗਈ ਹੈ। ਉਧਰ ਬਰਗਨ ਕਾਊਂਟੀ ਦੇ ਪ੍ਰੌਸੀਕਿਊਟਰ ਮਾਰਕ ਮਸੇਲਾ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪ੍ਰੌਸੀਕਿਊਟਰ ਮਾਰਕ ਮਸੇਲਾ ਮੁਤਾਬਕ ਰਣਜੋਧ ਸਿੰਘ ਨੇ ਕੋਈ ਬਲਣਸ਼ੀਲ ਪਦਾਰਥ ਆਪਣੇ 'ਤੇ ਛਿੜਕ ਕੇ ਅੱਗ ਲਗਾਈ ਸੀ ਅਤੇ ਅਤੇ ਇਹ ਇੰਨੀ ਤੇਜ਼ੀ ਨਾਲ ਫੈਲੀ ਕਿ ਤਿੰਨੋ ਜਣੇ ਬੇਸਮੈਂਟ ਵਿਚ ਫਸ ਗਏ। ਰਣਜੋਧ ਸਿੰਘ ਵੱਲੋਂ ਖ਼ੁਦ ਨੂੰ ਅੱਗ ਲਾਉਣ ਦੇ ਕਾਰਨਾਂ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ।