ਕੁਆਲਾਲੰਪੁਰ : ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਦੇ ਸੇਲਾਂਗਰ ਸ਼ਹਿਰ ‘ਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਇਸ ਘਟਨਾ ਕਾਰਨ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 17 ਲੋਕ ਲਾਪਤਾ ਦੱਸੇ ਜਾ ਰਹੇ ਹਨ। ਫਾਇਰ ਐਂਡ ਰੈਸਕਿਊ ਵਿਭਾਗ ਮੁਤਾਬਕ ਮਲਬੇ ‘ਚੋਂ 23 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਹੋਰ ਲੋਕਾਂ ਦੀ ਖੋਜ ਅਤੇ ਬਚਾਅ ਕਾਰਜ ਜਾਰੀ ਹੈ। ਮੀਡੀਆ ਰਿਪੋਰਟ ਮੁਤਾਬਕ ਮਰਨ ਵਾਲਿਆਂ ਵਿੱਚ 5 ਸਾਲ ਦਾ ਬੱਚਾ ਅਤੇ ਇੱਕ ਔਰਤ ਸ਼ਾਮਲ ਹੈ। ਇਸਦੇ ਨਾਲ ਹੀ ਸੱਤ ਹੋਰ ਗੰਭੀਰ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਅਜੇ ਵੀ ਮਲਬੇ ਹੇਠਾਂ ਦੱਬੇ ਹੋਏ ਹਨ। ਇਨ੍ਹਾਂ ਲੋਕਾਂ ਨੂੰ ਲੱਭਣ ਲਈ 400 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਦੱਸ ਦੇਈਏ ਕਿ ਇਹ ਘਟਨਾ ਸੇਲਾਂਗੋਰ ਸ਼ਹਿਰ ਦੇ ਬਤੰਗ ਕਾਲੀ ਇਲਾਕੇ ਦੀ ਹੈ। ਜੋ ਕਿ ਇਕ ਪਿਕਨਿਕ ਸਪਾਟ ਹੈ। ਇਸ ਘਟਨਾ ਦੌਰਾਨ ਇੱਥੇ ਕੈਂਪਾਂ ਵਿੱਚ 90 ਤੋਂ ਵੱਧ ਲੋਕ ਮੌਜੂਦ ਸਨ। ਘਟਨਾ ਦੌਰਾਨ ਕੈਂਪ ‘ਚ ਮੌਜੂਦ ਲੀਓਂਗ ਜਿਮ ਮੇਂਗ ਨੇ ਦੱਸਿਆ ਕਿ ਦੁਪਹਿਰ ਕਰੀਬ 2.30 ਵਜੇ ਇਕ ਜ਼ੋਰਦਾਰ ਅਵਾਜ ਸੁਣਾਈ ਦਿੱਤੀ। ਇਹ ਅਵਾਜ ਧਮਾਕੇ ਵਰਗਾ ਮਹਿਸੂਸ ਹੋ ਰਿਹਾ ਸੀ। ਇਨ੍ਹਾਂ ਹੀ ਨਹੀਂ ਉੱਥੇ ਮੌਜੂਦ ਲੋਕਾਂ ਨੇ ਜ਼ਮੀਨ ‘ਤੇ ਵਾਈਬ੍ਰੇਸ਼ਨ ਵੀ ਮਹਿਸੂਸ ਕੀਤੀ। ਇਸ ਤੋਂ ਬਾਅਦ ਹੀ ਜ਼ਮੀਨ ਖਿਸਕਣ ਦੀ ਘਟਨਾ ਵਾਪਰ ਗਈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਮੁਖੀ ਸੂਫ਼ੀਆਨ ਅਬਦੁੱਲਾ ਨੇ ਕਿਹਾ- ਕਰੀਬ 30 ਮੀਟਰ ਦੀ ਉਚਾਈ ਯਾਨੀ 98 ਫੁੱਟ ਤੋਂ ਸੜਕ ‘ਤੇ ਪੱਥਰ ਡਿੱਗੇ ਅਤੇ ਇਹ 1.2 ਹੈਕਟੇਅਰ ਖੇਤਰ ‘ਚ ਫੈਲ ਗਏ। ਫਿਲਹਾਲ ਇਸ ਘਟਨਾ ‘ਚ ਮਲਬੇ ਹੇਠਾਂ ਦੱਬੇ ਲੋਕਾਂ ਦੀ ਜਾਂਚ ਦੇ ਨਾਲ ਨਾਲ ਬਚਾਅ ਕਾਰਜ ਜਾਰੀ ਹੈ।