ਲੱਗੀਂ ਨਜ਼ਰ ਪੰਜਾਬ ਨੂੰ …….

ਇਤਿਹਾਸ ਰਹਿੰਦੀ ਦੁਨੀਆਂ ਤੱਕ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕੇਗਾ, ਕਿ ਪੰਜ ਦਰਿਆਵਾਂ ਦੀ ਜਾਈ ਧਰਤ ਪੰਜਾਬ ਅਤੇ ਇਸਦੇ ਪੰਜਾਬੀ ਸਪੂਤਾਂ ਦਾ ਮਾਣਮੱਤਾ ਇਤਿਹਾਸ ਸਦਾ ਹੀ ਸਦੀਵੀਂ ਰਹੇਗਾ। ਇਸ ਪਾਵਨ ਭੂੰਮੀ ’ਤੇ ਆਏ ਗੁਰੂਆਂ-ਪੀਰਾਂ, ਅਤੇ ਇਸਦੇ ਪੁਰਖਿਆਂ ਨੇ ਸੰਸਾਰ ਨੂੰ ਸੱਚੀ ਅਤੇ ਸੁੱਚੀ ਜੀਵਨ ਜਾਚ ਸਿਖਾਈ ਹੈ। ਰੱਬੀ ਰੂਹਾਂ ਦੇ ਚਰਨਾਂ ਦੀ ਛੋਹ ਪ੍ਰਾਪਤ, ਸੰਸਾਰ ਵਿੱਚ ਮਨੁੱਖਤਾ ਦਾ ਮੁਦਈ ਮੰਨਿਆ ਜਾਣ ਵਾਲਾ, ਪੰਜਾਬ ਅੱਜ ਅਨੇਕਾਂ ਹੀ ਸਮਾਜਕ ਕੁਰੀਤੀਆਂ ਦੀ ਦਲਦਲ ਵਿੱਚ ਗ਼ਰਕ ਰਿਹਾ ਪ੍ਰਤੀਤ ਹੋ ਰਿਹਾ ਹੈ।
ਅੱਜ ਪੰਜਾਬ ’ਚ ਨਸ਼ਿਆਂ ਦਾ ਛੇਵਾਂ ਦਰਿਆ ਸ਼ੂਕਦਾ ਹੋਇਆ ਵਹਿ ਰਿਹਾ ਹੈ, ਅਤੇ ਇਹ ਪੰਜਾਬ ਦੀ ਜਵਾਨੀ ਨੂੰ ਆਪਣੇ ਅੰਦਰ ਵਹਾਕੇ ਸਦਾ ਲਈ ਸਮੋਈ ਜਾ ਰਿਹਾ ਹੈ। ਇਹਨਾਂ ਦੇ ਮਾਪੇ ਅੱਜ ਆਪਣੇ ਮੋਏ ਧੀਆਂ-ਪੁੱਤਾਂ ਨੂੰ ਆਪਣੇ ਜਿਉਂਦੇ-ਜੀਅ ਮੋਢਾ ਦੇਣ ਦੇ ਅਸਿਹ ਵਰਤਾਰੇ ਨੂੰ ਨਿੱਤ ਆਏ ਦਿਨ ਆਪਣੇ ਪਿੰਡਿਆਂ ’ਤੇ ਹੰਢਾਅ ਰਹੇ ਹਨ। ਸਾਡੀਆਂ ਸਰਕਾਰਾਂ ਅਤੇ ਪ੍ਰਸਾਸ਼ਨ ਕਬੂਤਰ ਬਣਿਆ ਅੱਖਾਂ ਮੀਟੀ ਢੀਠ, ਬੇਖ਼ਬਰ ਅਤੇ ਬੇਪਰਵਾਹ ਅੰਨ੍ਹਾ ਹੋਇਆ ਬੈਠਾ ਹੈ। ਅੱਜ ਪੁਲੀਸ ਪ੍ਰਸਾਸ਼ਨ ਤੋਂ ਬੇਪ੍ਰਵਾਹੇ ਨਸ਼ਾ ਤਸਕਰ ਪਿੰਡਾਂ ’ਚ ਬੇਖ਼ੌਫ ਰਿਓੜੀਆਂ ਵਾਂਗ ਘਰ-ਘਰ ਨਸ਼ੇ ਵੇਚ ਰਹੇ ਹਨ। ਅੱਕੇ ਲੋਕ ਹੁਣ ਆਪਣੀ ਔਲਾਦ ਨੂੰ ਮੌਤ ਦੇ ਮੂੰਹੋਂ ਕੱਢਣ ਲਈ ਨਸਾ ਤਸਕਰਾਂ ਨਾਲ ਸਿੱਧਾ ਮੱਥਾ ਲੈਣ ਲੱਗ ਪਏ ਹਨ, ਅਤੇ ਅਜਿਹੇ ਜ਼ੋਖਮ ਸਮੇਂ ਨਸ਼ਾ ਤਸਕਰਾਂ ਦੇ ਗੁੱਸੇ ਦਾ ਸ਼ਿਕਾਰ ਹੁੰਦਿਆਂ ਖੁਦ ਆਪਣੀ ਜਾਨ ਤੋਂ ਹੱਥ ਧੋ ਰਹੇ ਹਨ। ਪਰ ਸਿਤਮ ਵਾਲੀ ਗੱਲ ਹੈ, ਕਿ ਅੱਜ ਪੁਲੀਸ ਪ੍ਰਸ਼ਾਸ਼ਨ ਸ਼ਰਮ ਦਾ ਮਾਰਿਆ ਆਪਣੀ ਨਾਕਾਮੀ ਛੁਪਾਉਣ ਲਈ ਅਜਿਹੇ ਲੋਕਾਂ ਦੀ ਪਿੱਠ ਪੜਨ ਦੀ ਬਜਾਏ ਇਹਨਾਂ ਨੂੰ ਹੀ ਜੇਲ੍ਹਾਂ ਵਿੱਚ ਡੱਕਣ ਲੱਗ ਪਿਆ ਹੈ।
ਦੇਸ਼ ਦਾ ਅੰਨ-ਦਾਤਾ ਕਹਾਉਣ ਵਾਲੇ ਪੰਜਾਬ ਦੀ ਧਰਤੀ ਹੇਠਲਾ ਜ਼ਹਿਰ ਬਣ ਚੁੱਕਿਆ ਪਾਣੀ ਅੱਜ ਅੰਨ ਉਗਾਉਣ ਦੇ ਵੀ ਯੋਗ ਨਹੀਂ ਰਿਹਾ। ਸਿਆਸੀ ਘਰਾਣਿਆਂ ਨਾਲ ਘਿਉ-ਖਿਚੜੀ ਹੋਏ ਕਾਰਪੋਰੇਟਰ ਕਾਨੂੰਨ ਨੂੰ ਸ਼ਰੇਆਮ ਛਿੱਕੇ ਟੰਗ ਰਹੇ ਹਨ। ਇਹਨਾਂ ਦੁਆਰਾ ਉਦਯੋਗਾਂ ਦਾ ਕੈਮੀਕਲ ਯੁਕਤ ਜ਼ਹਿਰੀ ਪਾਣੀ ਸਿੱਧਾ ਧਰਤੀ ਅੰਦਰ ਪਾ ਕੇ ਲੋਕਾਂ ਨੂੰ ਕੈਂਸਰ ਅਤੇ ਕਾਲੇ ਪੀਲੀਏ ਵਰਗੀਆਂ ਜਾਨਲੇਵਾ ਬਿਮਾਰੀਆਂ ਦੀ ਭੇਂਟ ਚੜ੍ਹਾਇਆ ਜਾ ਰਿਹਾ ਹੈ। ਪਰ ਫਿਰ ਵੀ ਪੰਜਾਬ ਦੀ ਪ੍ਰਸਾਸ਼ਨਿਕ ਵਿਵਸਥਾ ਲੋਕ ਹਿਤੈਸ਼ੀ ਨਾ ਹੋ ਕੇ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਭੁਗਤ ਰਹੀ ਹੈ, ਜਿਸ ਕਾਰਨ ਦੇਸ਼ ਦਾ ਸਭ ਤੋਂ ਵੱਧ ਖੁਸ਼ਹਾਲ ਮੰਨਿਆ ਜਾਣ ਵਾਲਾ ਸੂਬਾ ਪੰਜਾਬ ਅੱਜ ਖੁਦ ਮੰਦੀ ਅਤੇ ਕੰਗਾਲੀ ਵਿੱਚੋਂ ਗੁਜ਼ਰ ਰਿਹਾ ਹੈ। ਲੋਕ ਹਿੱਤਾਂ ਵਿਰੋਧੀ ਸਿਰਜੇ ਕਨੂੰਨਾਂ ਰਾਹੀਂ ਅੱਜ ਜਿੱਥੇ ਪੰਜਾਬ ਦੀ ਕਿਸਾਨੀ ਮੌਤ ਦੇ ਮੂੰਹ ਝੋਕੀ ਜਾ ਰਹੀ ਹੈ, ਉੱਥੇ ਹੀ ਕਿਸਾਨੀ ਕਰਜ਼ਿਆਂ ਦੇ ਬੋਝ ਹੇਠ ਕਿਸਾਨਾਂ ਨੂੰ ਫਾਹੇ ਲੈਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਇਸ ਮਾਨਵ ਤਸ਼ੱਦਦ ਵਿਰੁੱਧ ਇੱਕਜੁਟ ਹੋਣ ’ਤੇ ਇਹੀ ਸਰਕਾਰਾਂ ਉਦਯੋਗਪਤੀਆਂ ਦਾ ਹੱਥ-ਠੋਕਾ ਬਣਕੇ ਆਪਣੀ ਹੀ ਜਨਤਾ ਨੂੰ ਦੱਬਣ ਅਤੇ ਕੁਚਲਣ ਤੋਂ ਰਤਾ ਵੀ ਸੰਕੋਚ ਨਹੀਂ ਕਰ ਰਹੀਆਂ।
ਆਪਣੀ ਰੋਜ਼ਾਨਾ ਜ਼ਿੰਦਗੀ ਜਿਉਣ ਦੀਆਂ ਲੋੜਾਂ ਦੀ ਪੂਰਤੀ ਲਈ ਅਤੇ ਹੱਕੀ ਮੰਗਾਂ ਮਨਵਾਉਣ ਲਈ ਅੱਜ ਹਰ ਵਰਗ ਦੇ ਤਬਕੇ ਨੂੰ ਧਰਨੇ-ਮੁਜ਼ਾਹਰੇ ਕਰਨੇ ਪੈ ਰਹੇ ਹਨ। ਪੰਜਾਬ ਦੀ ਨੌਜੁਆਨੀ ਆਪਣੇ ਭਵਿੱਖ ਲਈ ਸੜਕਾਂ ’ਤੇ ਰੁਲਦੀ ਹੋਈ ਆਪਣੇ ਹੱਥੀਂ ਆਪਣੀ ਹੀ ਜੀਵਨ ਲੀਲਾ ਸਮਾਪਤ ਕਰਨ ਲਈ ਮਜ਼ਬੂਰ ਹੋ ਰਹੀ ਹੈ। ਸਰਕਾਰਾਂ ਦੀ ਬੇਰੁੱਖੀ ਕਾਰਨ ਅੱਜ ਪੰਜਾਬ ਦੀ ਜਵਾਨੀ ਕੁਰਾਹੇ ਪੈ ਕੇ ਨਸ਼ਿਆਂ, ਲੁੱਟਾਂ-ਖੋਹਾਂ ਅਤੇ ਹੋਰ ਗੈਰ-ਸਮਾਜਕ ਕੰਮਾਂ ਨੂੰ ਅੰਜਾਮਸਮਾਜਕ ਕੰਮਾਂ ਨੂੰ ਅੰਜ਼ਾਮ ਦੇਣ ਲੱਗੀ ਹੋਈ ਹੈ। ਅਜਿਹੀ ਸਥਿਤੀ ਵਿੱਚ ਅੱਜ ਬਹੁਤੇ ਮਾਪੇ ਆਪਣੀ ਔਲਾਦ ਦੀ ਸਲਾਮਤੀ ਲਈ ਉਹਨਾਂ ਨੂੰ ਮਜ਼ਬੂਰਨ ਵੱਸ ਵਿਦੇਸ਼ਾਂ ਵਿੱਚ ਪੜ੍ਹਨ ਲਈ ਭੇਜ ਰਹੇ ਹਨ। ਪੰਜਾਬ ਵਿੱਚੋਂ ਜਵਾਨੀ ਦੇ ਪਰਵਾਸ ਕਰਨ ਦਾ ਇਹ ਵੀ ਇੱਕ ਮੁੱਖ ਕਾਰਨ ਹੈ। ਇਸ ਗੱਲ ਲਈ ਮਾਪੇ ਮਗਰੋਂ ਸਰਕਾਰਾਂ ਪਹਿਲਾਂ ਜਿੰਮੇਵਾਰ ਹਨ।
ਦੁਨੀਆਂ ਵਿੱਚ ਦੋ ਫੀਸਦ ਭਾਰਤ ਦੇ ਘੱਟ-ਗਿਣਤੀ ਸਿੱਖ, ਪੰਜਾਬ ਦੀ ਬਹੁ ਗਿਣਤੀ ਕੌਮ ਹੈ। ਇਤਿਹਾਸ ਗਵਾਹ ਹੈ ਕਿ ਹਮੇਸ਼ਾਂ ਹੀ ਮੁਗ਼ਲ ਧਾੜਵੀਆਂ ਨੇ ਪੰਜਾਬ ਰਾਹੀਂ ਭਾਰਤ ਉੱਤੇ ਹਮਲੇ ਕੀਤੇ ਹਨ, ਅਤੇ ਸਭ ਤੋਂ ਪਹਿਲਾਂ ਇਹਨਾਂ ਧਾੜਵੀਆਂ ਨੂੰ ਪੰਜਾਬ ਦੀ ਹਿੱਕ ’ਤੇ ਪੈਰ ਧਰਕੇ ਅੱਗੇ ਲੰਘਣਾ ਪੈਂਦਾ ਸੀ। ਪਰ ਸਿੱਖਾਂ ਨੇ ਸਦਾ ਹੀ ਭਾਰਤ ਦਾ ਸੁਰਕਸ਼ਾ ਕੱਵਚ ਬਣਕੇ ਇਸਨੂੰ ਮੁਗਲਾਂ ਦੇ ਹਮਲਿਆਂ ਤੋਂ ਬਚਾਉਣ ਦਾ ਯਤਨ ਕਰਿਆ ਹੈ। ਜੇਕਰ ਦੇਸ਼ ਦੀ ਅਜ਼ਾਦੀ ਵਿੱਚ ਸਿੱਖ ਕੌਮ ਦੇ ਯੋਗਦਾਨ ਦਾ ਜ਼ਿਕਰ ਕੀਤਾ ਜਾਵੇ ਤਾਂ ਅਜ਼ਾਦੀ ਪ੍ਰਾਪਤੀ ਲਈ ਕੁਰਬਾਨੀਆਂ ਦੇਣ ਵਾਲੇ ਭਾਰਤੀ ਲੋਕਾਂ ਵਿੱਚੋਂ 98 ਫੀਸਦ ਕੁਰਬਾਨ ਹੋਣ ਵਾਲੇ ਇਕੱਲੇ ਸਿੱਖ ਸਨ। ਪਰ ਸਿੱਖ ਕੌਮ ਦੀ ਮੁੱਢ ਕਦੀਮੋਂ ਇਹ ਤ੍ਰਾਸਦੀ ਰਹੀ ਹੈ ਕਿ ਮੌਕੇ ਦੀਆਂ ਸਰਕਾਰਾਂ ਵੱਲੋਂ ਇਹਨਾਂ ਨੂੰ ਬਣਦਾ ਸਤਿਕਾਰ ਨਾ ਦੇਕੇ, ਇਹਨਾਂ ਦੀਆਂ ਭਾਵਨਾਵਾਂ ਨਾਲ ਸ਼ੁਰੂ ਤੋਂ ਅੱਜ ਤੱਕ ਖੇਡ੍ਹਾਂ ਖੇਡ੍ਹੀਆਂ ਜਾ ਰਹੀਆਂ ਹਨ। ਸਿੱਖ ਗੁਰੂਆਂ ਦੀ ਸਤਿਕਾਰਤ ਬਾਣੀ ਦੀਆਂ ਆਏ ਦਿਨ ਬੇਅਦਬੀਆਂ ਕਰਕੇ ਸਿੱਖ ਕੌਮ ਨੂੰ ਭੜਕਾਹਟ ਵਿੱਚ ਲਿਆਉਣ ਦਾ ਕੋਝਾ ਯਤਨ ਕੀਤਾ ਜਾ ਰਿਹਾ ਹੈ। ਅਜਿਹੀਆਂ ਘਟਨਾਵਾਂ ਉੱਤੇ ਰੋਸ-ਮੁਜ਼ਾਹਰੇ ਕਰਨ ’ਤੇ ਫਿਰ ਇਹਨਾਂ ਹੀ ਸਿੱਖਾਂ ਨੂੰ ਦੇਸ਼-ਵਿਰੋਧੀ, ਵੱਖਵਾਦੀ ਜਾਂ ਅੱਤਵਾਦੀ ਗਰਦਾਨਕੇ ਕਾਲੇ ਕਨੂੰਨਾਂ ਤਹਿਤ ਜੇਲ੍ਹਾਂ ‘ਚ ਸੁੱਟ ਦਿੱਤਾ ਜਾਂਦਾ ਹੈ।
ਸੰਸਾਰ ਦੇ ਦੋ ਫੀਸਦ ਪੰਜਾਬੀਆਂ ਦੀ ਮਾਂ-ਬੋਲੀ ਪੰਜਾਬੀ ਨੇ ਦੁਨੀਆਂ ਵਿੱਚ ਆਪਣੀ ਵੱਖਰੀ, ਮਾਣਮੱਤੀ ਮਿਸਾਲ ਕਾਇਮ ਕੀਤੀ ਹੋਈ ਹੈ। ਦੁਨੀਆਂ ਵਿੱਚ ਭਾਸ਼ਾਵਾਂ ਸਬੰਧੀ ਹੋਏ ਸਰਵੇਖਣ ਅਨੁਸਾਰ ਸਮੁੱਚੇ ਸੰਸਾਰ ਵਿੱਚ ਲੋਕਾਂ ਦੁਆਰਾ 7,100 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇੱਥੇ ਇਹ ਦੱਸਦਿਆਂ ਫ਼ਖ਼ਰ ਮਹਿਸੂਸ ਹੋ ਰਿਹਾ ਹੈ ਕਿ ਬੋਲੀਆਂ ਨਾਲ ਸਬੰਧਤ ਵਿਸ਼ਵਗਿਆਨਕੋਸ਼ “ਐਨਥਨੋਲੋਗ” ਮੁਤਾਬਿਕ ਦੁਨੀਆਂ ਵਿੱਚ 30 ਕਰੋੜ ਲੋਕ ਪੰਜਾਬੀ ਬੋਲੀ ਬੋਲਦੇ ਹਨ। ਪਰ ਨਾਲ ਹੀ ਇਹ ਦੱਸਦਿਆਂ ਬੇਹੱਦ ਦੁੱਖ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਗੁਰੂਆਂ-ਪੀਰਾਂ ਦੇ ਮੁੱਖੋਂ ਉੱਪਜੀ ਗੁਰਮੁੱਖੀ ਭਾਸ਼ਾ ਨੂੰ ਅੱਜ ਦੀਆਂ ਸਰਕਾਰਾਂ ਵੱਲੋਂ ਖਤਮ ਕਰਨ ਦੀਆਂ ਵਿਉਤਾਂ ਬੁਣੀਆਂ ਜਾ ਰਹੀਆਂ ਹਨ। ਦੇਸ਼ ਦੇ ਬਾਹਰੀ ਪੂੰਜੀਪਤੀਆਂ ਵੱਲੋਂ ਵਿੱਦਿਆ ਦਾ ਵਪਾਰੀਕਰਨ ਕਰਕੇ ਪੰਜਾਬ ਵਿੱਚ ਮਹਿੰਗੇ ਸਕੂਲ ਖੋਲ੍ਹਕੇ ਇੱਥੇ ਪੜ੍ਹਦੇ ਪੰਜਾਬੀ ਬੱਚਿਆਂ ਨੂੰ ਉਹਨਾਂ ਦੀ ਹੀ ਮਾਂ-ਬੋਲੀ ਬੋਲਣ ’ਤੇ ਜੁਰਮਾਨੇ ਲਾਏ ਜਾ ਰਹੇ ਹਨ। ਸਿੱਖੀ ਦੇ ਪਹਿਚਾਣ ਚਿੰਨ੍ਹ ਲੁਹਾ ਕੇ ਬੱਚਿਆਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਜਦਕਿ ਵਿਦੇਸ਼ਾਂ ਵਿੱਚ ਆਏ ਦਿਨ ਪੰਜਾਬੀ ਭਾਸ਼ਾ ਨੂੰ ਪ੍ਰਵਾਨਤ ਭਾਸ਼ਾ ਦਾ ਦਰਜਾ ਦਿੱਤਾ ਜਾ ਰਿਹਾ ਹੈ।
“ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ ॥”, ਇਹ ਉਚਾਰਣ ਬਾਬੇ ਨਾਨਕ ਨੇ ਉਸ ਵਕਤ ਕੀਤਾ ਸੀ, ਜਦੋਂ ਲੋਕਾਈ ਮੁਗ਼ਲਾਂ ਦੇ ਜ਼ੁਲਮਾਂ ਅਤੇ ਅੱਤਿਆਚਾਰਾਂ ਦੀ ਚੱਕੀ ‘ਚ ਪਿਸ ਰਹੀ ਰਹੀ ਸੀ । ਬੜੇ ਦੁੱਖ ਦੀ ਗੱਲ ਹੈ ਕਿ ਅੱਜ ਪੰਜਾਬ ਆਪਣੇ ਹੱਥੀਂ ਚੁਣਕੇ ਸੱਤਾ ਦੀ ਕੁਰਸੀ ‘ਤੇ ਬਿਠਾਏ ਆਪਣੇ ਹੀ ਹੁਕਮਰਾਨਾਂ ਦੀ ਮਾਰ ਦਾ ਸੰਤਾਪ ਹੰਢਾਅ ਰਿਹਾ ਹੈ। ਕਾਸ਼, ਹੁਣ ਫੇਰ ਬਾਬਾ ਨਾਨਕ ਆ ਕੇ ਕੋਈ ਹੋਰ ਦਰਦ ਉਚਾਰੇ। ਦੁਬਾਰਾ ਫੇਰ ਅਮ੍ਰਿਤਾ ਆਵੇ, ਸ਼ੇਖ ਫ਼ਰੀਦ ਨੂੰ ਕਬਰ ‘ਚੋਂ ਅਵਾਜ਼ ਮਾਰ ਜਗਾਵੇ, ਤਾਂ ਕਿ ਮੁੜ ਸੁਰਜੀਤ ਹੋ ਜਾਵੇ ਉਹ ਪਹਿਲਾ ਰੰਗਲਾ ਪੰਜਾਬ। ਫਿਰ ਤੋਂ ਸਾਉਣ ਮਹੀਨੇ ਪਿੱਪਲੀਂ ਪੀਂਘਾਂ ਪੈਣ, ਅਤੇ ਮੁੱਦਤਾਂ ਤੋਂ ਤੀਆਂ ਨੂੰ ਤਰਸਦੇ ਬਾਬੇ ਬੋਹੜ ਦੇ ਪੱਤੇ ਆਪਣੀਆਂ ਧੀਆਂ-ਧਿਆਣੀਆਂ ਨਾਲ ਖੁਸ਼ੀਆਂ ਮਨਾਉਂਦੇ ਹੋਏ ਫ਼ਿਜ਼ਾ ਨੂੰ ਪੰਜਾਬ ਦੇ ਰੰਗਾਂ ਵਿੱਚ ਦੇਣ।

Add new comment