ਆਜ਼ਾਦ ਭਾਰਤ ਦੇ ਗੁਲਾਮ ਵਸ਼ਿੰਦੇ (ਆਜ਼ਾਦੀ ਦਿਵਸ ਤੇ ਵਿਸ਼ੇਸ਼)

ਸਮੁੱਚੇ ਭਾਰਤ ਵਿੱਚ ਹਰ ਸਾਲ 15 ਅਗਸਤ ਨੂੰ ਆਜ਼ਾਦੀ ਦਿਵਸ ਵਜੋਂ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਂਦਾ ਹੈ। ਆਜ਼ਾਦ ਭਾਰਤ ਦਾ ਸੰਵਿਧਾਨ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਅਤੇ ਉੱਘੇ ਕਾਨੂੰਨੀ ਮਾਹਿਰ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਨੇ 26 ਜਨਵਰੀ 1950 ਈ. ਨੂੰ ਲਿਖਿਆ ਸੀ।ਦੇਸ਼ ਦੇ ਆਜ਼ਾਦੀ ਦਿਵਸ ਵਾਂਗ ਗਣਤੰਤਰ ਦਿਵਸ ਨੂੰ ਵੀ ਹਰ ਸਾਲ ਪੂਰੇ ਭਾਰਤ ਵਿੱਚ ਸਰਕਾਰੀ ਸਨਮਾਨਾਂ ਨਾਲ ਮਨਾਇਆ ਜਾਂਦਾ ਹੈ। ਇੱਕ ਬਹੁ-ਭਾਸ਼ੀ ਅਤੇ ਬਹੁ-ਧਰਮੀ ਮੁਲਕ ਭਾਰਤ ਦੇਸ਼ ਦੀਆਂ ਉਸ ਮੌਕੇ ਦੀਆਂ ਮੁੱਢਲੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਲੋਕਾਂ ਨੂੰ ਬਰਾਬਰੀ ਦੇ ਹੱਕਾਂ ਅਤੇ ਉਹਨਾਂ ਦਾ ਜੀਵਣ ਪੱਧਰ ਉੱਚਾ ਚੁੱਕਣ ਲਈ ਸੰਵਿਧਾਨ ਵਿੱਚ ਵੱਖ-ਵੱਖ ਕਾਨੂੰਨ ਬਣਾਏ ਗਏ। ਪਰ ਬੜੇ ਹੀ ਦੁੱਖ ਦੀ ਗੱਲ ਹੈ ਕਿ ਭਾਰਤ ਦੇ ਲੋਕਾਂ ਨੂੰ ਇਹ ਦਿਹਾੜਾ ਮਨਾਉਂਦਿਆਂ ਤਕਰੀਬਨ 77 ਸਾਲ ਬੀਤ ਜਾਣ ਦੇ ਬਾਵਜੂਦ ਵੀ ਜ਼ਮੀਨੀ ਹਕੀਕਤ ਤੇ ਦੇਸ਼ ਵਾਸੀਆਂ ਦੇ ਹਾਲਾਤ ਭਾਰਤੀ ਸੰਵਿਧਾਨ ਨੂੰ ਮੂੰਹ ਚਿੜ੍ਹਾ ਰਹੇ ਹਨ। ਦੇਸ਼ ਦੇ ਪੂੰਜੀਪਤੀਆਂ ਤੋਂ ਕਰੋੜਾਂ ਦੇ ਚੰਦੇ ਇਕੱਠੇ ਕਰਕੇ ਚੋਣਾਂ ਵਿੱਚ ਪੈਸੇ ਦੇ ਜ਼ੋਰ ਨਾਲ ਖੇਤਰੀ ਪਾਰਟੀਆਂ ਦੀ ਖ਼ਰੀਦੋ-ਫ਼ਰੋਖ਼ਤ ਕਰਕੇ ਸਰਕਾਰਾਂ ਬਣਾਈਆਂ ਜਾ ਰਹੀਆਂ ਹਨ ਅਤੇ ਦੇਸ਼ ਦੇ ਘੱਟ-ਗਿਣਤੀ ਲੋਕਾਂ ਨੂੰ ਗੁਲਾਮ ਭਾਰਤ ਦੇ ਹੁਕਮਰਾਨਾਂ ਦੇ ਕਹਿਰ ਤੋਂ ਵੀ ਵਹਿਸ਼ੀਆਨਾ ਤਰੀਕਿਆਂ ਨਾਲ ਹੱਕ ਮੰਗਣ ਤੇ ਕੁੱਟਿਆ, ਲਿਤਾੜਿਆ ਅਤੇ ਮਾਰਿਆ ਜਾ ਰਿਹਾ ਹੈ। ਰਾਸ਼ਟਰੀ ਹਿੱਤਾਂ ਦੀ ਆੜ ਹੇਠ ਇਹਨਾਂ ਘੱਟ-ਗਿਣਤੀਆਂ ਨੂੰ ਐੱਨ ਐੱਸ ਏ ਜਿਹੇ ਕਾਲ਼ੇ ਕਾਨੂੰਨਾਂ ਤਹਿਤ ਅੱਤਵਾਦੀ ਜਾਂ ਵੱਖਵਾਦੀ ਗਰਦਾਨਕੇ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ, ਜਦਕਿ ਬਲਾਤਕਾਰੀਆਂ ਨੂੰ ਪੇਰੋਲ ਜਿਹੀ ਚੋਰਮੋਰੀ ਰਾਹੀਂ ਵਾਰ-ਵਾਰ ਅਸਿੱਧੇ ਤਰੀਕਿਆਂ ਨਾਲ ਜੇਲ੍ਹਾਂ ਤੋਂ ਆਜ਼ਾਦ ਕੀਤਾ ਜਾ ਰਿਹਾ ਹੈ। ਦੇਸ਼ ਵਿੱਚ ਧਰਮਾਂ ਦੇ ਨਾਂ ਤੇ ਵੰਡੀਆਂ ਪਾ ਕੇ ਭੋਲ਼ੇ-ਭਾਲ਼ੇ ਦੇਸ਼ ਵਾਸੀਆਂ ਨੂੰ ਭੜਕਾਹਟ ਵਿੱਚ ਲਿਆਕੇ ਦੰਗੇ-ਫ਼ਸਾਦਾਂ ਰਾਹੀਂ ਨਸਲਕੁਸ਼ੀਆਂ ਕਰਵਾਕੇ ਸ਼ੁਰੂ ਤੋਂ ਹੀ ਸਿਆਸਤਦਾਨ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਆ ਰਹੇ ਹਨ। ਇਹਨਾਂ ਮੁੱਠੀ ਭਰ ਸਿਆਸਤਦਾਨਾਂ ਵੱਲੋਂ ਹਰ ਸਾਲ ਮਨਾਏ ਜਾਂਦੇ ਆਜ਼ਾਦੀ ਸਮਾਰੋਹਾਂ ਸਮੇਂ ਨੰਨ੍ਹੇ-ਮੁੰਨੇ ਸਕੂਲੀ ਬੱਚਿਆਂ ਨੂੰ ਧੁੱਪ ਵਿੱਚ ਸੜਕਾਂ ਕਿਨਾਰੇ ਘੰਟਿਆਂ ਬੱਧੀ ਆਪਣੇ ਸਵਾਗਤ ਲਈ ਖੜ੍ਹੇ ਕਰਵਾਕੇ ਅਤੇ ਜਬਰਨ ਤੁਗਲਕੀ ਫ਼ੁਮਾਨਾਂ ਰਾਹੀਂ ਇਕੱਠ ਕਰਵਾਕੇ ਆਪਣੇ ਦੇਸ਼ ਵਾਸੀਆਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ, ਨਾ ਕਿ ਆਜ਼ਾਦੀ ਦਾ। ਕਈ ਦਹਾਕਿਆਂ ਤੋਂ ਆਜ਼ਾਦੀ ਦੇ ਨਾਂ ਹੇਠ ਗ਼ੁਲਾਮਾਂ ਵਾਲ਼ਾ ਜੀਵਨ ਨਿਰਵਾਹ ਕਰ ਰਹੇ ਲੋਕਾਂ ਨੂੰ ਹੁਣ ਜ਼ਰੂਰਤ ਹੈ ਆਪਣੀ ਸੁੱਤੀ ਪਈ ਜ਼ਮੀਰ ਨੂੰ ਜਗਾਉਣ ਦੀ। ਅੱਜ ਲੋੜ ਹੈ ਸਿਆਸਤਦਾਨਾਂ ਦੀ ਬੁਰਕੀ ਨੂੰ ਠੁਕਰਾਉਣ ਦੀ ਅਤੇ ਲੋੜ ਹੈ ਆਜ਼ਾਦ ਭਾਰਤ ਦੇ ਇੱਕ ਸੱਚੇ ਆਜ਼ਾਦ ਭਾਰਤੀ ਹੋਣ ਦਾ ਸਬੂਤ ਦੇਣ ਦੀ। ਨਾ ਕਿ ਆਜ਼ਾਦ ਭਾਰਤ ਦੇ ਗੁਲਾਮ ਲੋਕ ਹੋਣ ਦਾ ਸਬੂਤ ਦੇਣ ਦੀ।

Independence Day

Add new comment