ਹੁਸ਼ਿਆਰਪੁਰ, 13 ਜੂਨ 2024 : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸੀ.ਐਮ ਦੀ ਯੋਗਸ਼ਾਲਾ ਦੀ ਜ਼ਿਲ੍ਹਾ ਯੋਗ ਸੁਪਰਵਾਈਜ਼ਰ ਮਾਧਵੀ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਿੱਚ ਪੂਰੇ ਪੰਜਾਬ ਵਿਚ ਯੋਗਸ਼ਾਲਾ ਨੂੰ ਬਹੁਤ ਉਤਸ਼ਾਹ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਭਾਗ ਸਿੰਘ ਨਗਰ, ਗਲੀ ਨੰਬਰ 11, ਹੁਸ਼ਿਆਰਪੁਰ ਵਿਚ ਰੋਜ਼ਾਨਾ ਸ਼ਾਮ 3.45 ਵਜੇ ਤੋਂ 4.45 ਵਜੇ ਤੱਕ ਯੋਗ ਅਚਾਰੀਆ ਤੁਲਸੀ ਰਾਮ ਸਾਹੂ ਵੱਲੋਂ ਯੋਗ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਨਾਲ ਹੁਸ਼ਿਆਰਪੁਰ ਸ਼ਹਿਰ ਵਿਚ 117 ਯੋਗ ਕਲਾਸਾਂ ਤੋਂ ਇਲਾਵਾ ਜ਼ਿਲ੍ਹੇ ਵਿਚ ਦਸੂਹਾ, ਮੁਕੇਰੀਆਂ, ਟਾਂਡਾ, ਹਾਜੀਪੁਰ, ਤਲਵਾੜਾ, ਭੂੰਗਾ, ਹਰਿਆਣਾ, ਚੱਬੇਵਾਲ, ਮਾਹਿਲਪੁਰ ਅਤੇ ਗੜ੍ਹਸ਼ੰਕਰ ਵਿਚ ਪਾਰਕਾਂ, ਗੁਰਦੁਆਰਾ ਸਾਹਿਬ, ਮੰਦਰਾਂ ਦੇ ਵਿਹੜੇ ਵਿਚ ਯੋਗ ਦੀਆਂ ਕਰੀਬ 250 ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਯੋਗ ਅਚਾਰੀਆ ਰਾਮ ਸਾਹੂ ਨੇ ਦੱਸਿਆ ਕਿ ਸਰੀਰਕ, ਮਾਨਸਿਕ ਸਿਹਤ ਨੂੰ ਠੀਕ ਰੱਖਣ ਲਈ ਯੋਗ ਅਭਿਆਸ ਦੇ ਨਾਲ-ਨਾਲ ਰੋਜ਼ਾਨਾ ਰੁਟੀਨ ਠੀਕ ਰੱਖਣ ਦੇ ਸੁਝਾਅ ਅਤੇ ਵੱਖ-ਵੱਖ ਰੋਗਾਂ ਅਨੁਸਾਰ ਯੋਗਾਸਨਾਂ ਦਾ ਅਭਿਆਸ ਵੀ ਕਰਵਾਇਆ ਜਾਂਦਾ ਹੈ। ਯੋਗ ਗਰੁੱਪ ਦੀ ਸ਼ਲਾਘਾ ਅਤੇ ਪ੍ਰਵੀਨ ਨੇ ਸਾਰਿਆਂ ਵੱਲੋਂ ਅਨੁਭਵ ਦੱਸਿਆ ਕਿ ਮਹਿਲਾਵਾਂ ਨੂੰ ਯੋਗ ਤੋਂ ਕਾਫੀ ਲਾਭ ਮਿਲਿਆ ਹੈ, ਜਿਸ ਦੇ ਕਾਰਨ ਵੱਧ ਤੋਂ ਵੱਧ ਮਹਿਲਾਵਾਂ ਯੋਗ ਨਾਲ ਜੁੜ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਲੱਗਭਗ 4 ਮਹੀਨੇ ਵਿਚ ਕਾਫੀ ਲਾਭ ਮਿਲਿਆ ਜਿਵੇਂ ਗੋਡਿਆਂ ਦਾ ਦਰਦ, ਕਮਰ ਦਰਦ, ਸਰਵਾਈਕਲ, ਸਾਹ ਚੜ੍ਹਨਾ, ਨੀਂਦ ਨਾ ਆਉਣਾ, ਬੀ.ਪੀ, ਸ਼ੂਗਰ ਅਤੇ ਮੋਟਾਪਾ ਆਦਿ ਵਰਗੇ ਰੋਗਾਂ ਤੋਂ ਬਹੁਤ ਰਾਹਤ ਮਿਲੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਮਾਹਿਰ ਯੋਗ ਅਧਿਆਪਕ ਭੇਜ ਕੇ ਸਾਨੂੰ ਅਤੇ ਪੂਰੇ ਪੰਜਾਬ ਨੂੰ ਵਧੀਆ ਸਿਹਤ ਸੁਵਿਧਾਵਾਂ ਦੇਣ ਵਿਚ ਕਾਮਯਾਬ ਰਹੀ ਹੈ ਅਤੇ ਯੋਗਸ਼ਾਲਾ ਨੂੰ ਹਰੇਕ ਤੱਕ ਪਹੁੰਚਾਉਣਾ ਬਹੁਤ ਹੀ ਜ਼ਰੂਰੀ ਹੈ, ਜਿਸ ਨਾਲ ਹਜ਼ਾਰਾਂ ਰੁਪਏ ਦਵਾਈਆਂ ’ਤੇ ਖ਼ਰਚ ਹੋਣ ਤੋਂ ਬਚਾਅ ਹੋ ਰਿਹਾ ਹੈ।