ਨਵਾਂਸ਼ਹਿਰ, 25 ਜੂਨ 2024 : ਮੁੱਖ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਨਵਜੋਤਪਾਲ ਸਿੰਘ ਰੰਧਾਵਾ ਦੇ ਅਦੇਸ਼ਾਂ ਅਨੁਸਾਰ ਸ਼੍ਰੀ ਵਿਕਰਮਜੀਤ ਸਿੰਘ ਪਾਂਥੇ ਐਸਡੀਐਮ ਬੰਗਾ ਦੀ ਪ੍ਰਧਾਨਗੀ ਹੇਠ ਤਹਿਸੀਲ ਬੰਗਾ ਦੇ ਸਮੂਹ ਪਟਵਾਰੀਆਂ/ਕਾਨੂੰਗੋ ਅਤੇ ਨੰਬਰਦਾਰਾਂ ਨਾਲ ਨਸ਼ਿਆਂ ਦੀ ਰੋਕਥਾਮ ਸਬੰਧੀ ਇੱਕ ਜਰੂਰੀ ਮੀਟਿੰਗ ਕੀਤੀ ਗਈ। ਜਿਸ ਵਿੱਚ ਐਸਡੀਐਮ ਬੰਗਾ ਨੇ ਕਿਹਾ ਕਿ ਪਿੰਡਾਂ ਦੇ ਅੰਦਰ ਨਸ਼ਿਆਂ ਕਰਕੇ ਜਵਾਨੀ ਦਾ ਘਾਣ ਹੋ ਰਿਹਾ ਹੈ, ਜਿਸ ਪ੍ਰਤੀ ਸੁਚੇਤ ਹੋਣਾ ਹਰ ਇੱਕ ਨਾਗਰਿਕ ਦੀ ਜਿੰਮੇਵਾਰੀ/ਫਰਜ਼ ਹੈ। ਇਸ ਨਸ਼ੇ ਦੇ ਕੋਹੜ ਨੂੰ ਜੜ੍ਹੋ ਖਤਮ ਕਰਨ ਲਈ ਪਟਵਾਰੀਆਂ ਅਤੇ ਨੰਬਰਦਾਰਾਂ ਨੂੰ ਕਿਹਾ ਗਿਆ ਕਿ ਪਿੰਡਾਂ/ਸ਼ਹਿਰਾਂ ਵਿੱਚ ਨਸ਼ੇ ਦੀ ਸਪਲਾਈ ਕਰਨ ਵਾਲੇ ਵਿਅਕਤੀਆਂ ਦੇ ਨਾਮ ਐਸਡੀਐਮ ਬੰਗਾ ਨੂੰ ਦਿੱਤੇ ਜਾਣ। ਐਸਡੀਐਮ ਬੰਗਾ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਸ ਸਬੰਧੀ ਲੈਂਡ ਰੈਵਿਨਿਊ ਐਕਟ ਵਿੱਚ ਵੀ ਲਿਖਿਆ ਗਿਆ ਹੈ ਕਿ ਜੋ ਕੋਈ ਵਿਅਕਤੀ ਪਿੰਡ/ਸ਼ਹਿਰ ਵਿੱਚ ਨਸ਼ੇ ਦੀ ਸਪਲਾਈ ਕਰਦਾ ਹੈ ਜਾਂ ਨਸ਼ੇ ਪ੍ਰਤੀ ਗਤੀਵਿਧੀ ਕਰਦਾ ਹੈ ਤਾਂ ਉਸ ਦਾ ਨਾਮ ਦੱਸਣ ਦੀ ਜਿੰਮੇਵਾਰੀ ਵੀ ਪਟਵਾਰੀ ਅਤੇ ਨੰਬਰਦਾਰ ਦੀ ਹੈ। ਐਸਡੀਐਮ ਬੰਗਾ ਨੇ ਕਿਹਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ। ਇਸ ਮੀਟਿੰਗ ਵਿੱਚ ਤਹਿਸੀਲਦਾਰ ਬੰਗਾ ਸ੍ਰੀ ਹਰਮਿੰਦਰ ਸਿੰਘ, ਨਾਇਬ ਤਹਿਸਲੀਦਾਰ ਮਿਸ ਮਨੀ ਮਹਾਜਨ, ਸੁਪਰਡੈਂਟ ਐਸਡੀਐਮ ਦਫਤਰ ਬੰਗਾ ਸ਼੍ਰੀ ਬਲਦੇਵ ਸਿੰਘ ਸੈਣੀ, ਸੀਨੀਅਰ ਸਹਾਇਕ ਸ਼੍ਰੀ ਸ਼ਿਗਾਰਾ ਰਾਮ, ਸ਼੍ਰੀ ਗੁਰਜੀਤ ਸਿੰਘ ਅਤੇ ਹੋਰ ਅਧਿਕਾਰੀ ਹਾਜਰ ਸਨ।