- ‘ਸਵੀਪ’ ਗਤੀਵਿਧੀਆਂ ਤਹਿਤ ਲੇਬਰ ਚੌਕ ’ਤੇ ਉਸਾਰੀ ਕਿਰਤੀਆਂ ਨੂੰ ਨਾਟਕੀ ਅੰਦਾਜ਼ ’ਚ ਵੋਟ ਪਾਉਣ ਲਈ ਕੀਤਾ ਜਾਗਰੂਕ
- ਜ਼ਿਲ੍ਹੇ ’ਚ 100 ਫੀਸਦੀ ਵੋਟ ਪਾਉਣ ਲਈ ਹਰੇਕ ਯੋਗ ਵੋਟਰ ਤੱਕ ਪਹੁੰਚ ਰਿਹੈ ਪ੍ਰਸ਼ਾਸਨ
ਹੁਸ਼ਿਆਰਪੁਰ, 16 ਅਪ੍ਰੈਲ : ਲੋਕਤੰਤਰ ਦੀ ਨੀਂਹ ਮਜ਼ਬੂਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਵਰਗਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾ ਰਹੀ ਹੈ। ਇਸੇ ਲੜੀ ਵਿਚ ਸਥਾਨਕ ਲੇਬਰ ਚੌਕ ’ਤੇ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੀਤ ਕੋਹਲੀ ਦੀ ਅਗਵਾਈ ਵਿਚ ਬਿਲਕੁਲ ਹੀ ਵੱਖਰੇ ਅੰਦਾਜ਼ ਵਿਚ ਸਵੀਪ ਗਤੀਵਿਧੀ ਕਰਵਾਈ ਗਈ। ਇਸ ਦੌਰਾਨ ਭੰਡ ਕਲਾ ਰਾਹੀਂ ਉਸਾਰੀ ਕਿਰਤੀਆਂ ਨੂੰ ਵੋਟ ਪਾਉਣ ਲਈ ਜਾਗਰੂਕ ਕੀਤਾ ਗਿਆ ਅਤੇ ਬੜੇ ਹੀ ਨਾਟਕੀ ਅੰਦਾਜ਼ ਵਿਚ ਵੋਟ ਦੀ ਮਹੱਤਤਾ ਸਬੰਧੀ ਉਨ੍ਹਾਂ ਨੂੰ ਸਮਝਾਇਆ ਗਿਆ। ਵੋਟ ਪਾਉਣ ਪ੍ਰਤੀ ਜਾਗਰੂਕਤਾ ਦੇ ਇਸ ਮਾਧਿਅਮ ਨੂੰ ਸਾਰਿਆਂ ਨੇ ਬੇਹੱਦ ਸਰਾਹਿਆ। ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੀਤ ਕੋਹਲੀ ਲੇਬਰ ਚੌਕ ਹੁਸ਼ਿਆਰਪੁਰ ਵਿਚ ਆਪਣੀ ਟੀਮ ਨਾਲ ਪਹੁੰਚ ਕਰਕੇ ਆਪਣੇ ਜਾਣ-ਪਛਾਣੇ ਅੰਦਾਜ਼ ਵਿਚ ਡਫਲੀ ਵਜਾਉਣ ਲੱਗਦੇ ਹਨ। ਇਸ ਦੌਰਾਨ ਰਾਸ਼ਟਰੀ ਪੱਧਰ ’ਤੇ ਮਸ਼ਹੂਰ ਰੇਲਵੇ ਮੰਡੀ ਸਕੂਲ ਦੀ ਵਿਦਿਆਰਥਣ ਰਿਤਿਕਾ ਸੈਣੀ ਢੋਲ ਦੀ ਥਾਪ ਨਾਲ ਉਨ੍ਹਾਂ ਦਾ ਸਹਿਯੋਗ ਕਰਦੀ ਹੈ। ਪਹਿਲਾ ਤਾਂ ਹਰ ਕੋਈ ਇਨ੍ਹਾਂ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਹੈ, ਫਿਰ ਹੌਲੀ-ਹੌਲੀ ਉਥੇ ਮਜ਼ਦੂਰਾਂ ਦੇ ਨਾਲ ਰਾਹਗੀਰ ਵੀ ਰੁਕਣੇ ਸ਼ੁਰੂ ਹੋ ਜਾਂਦੇ ਸਨ। ਇਸ ਉਪਰੰਤ ਲੋਕਾਂ ਨੂੰ ਅਸਲੀ ਗੱਲ ਸਮਝ ਆਉਂਦੀ ਹੈ ਕਿ ਇਹ ਅਧਿਕਾਰੀ ਲੋਕਾਂ ਨੂੰ ਵੋਟਾਂ ਲਈ ਪ੍ਰੇਰਿਤ ਕਰ ਰਹੇ ਹਨ। ਪ੍ਰੀਤ ਕੋਹਲੀ ਨੇ ਇਸ ਦੌਰਾਨ ਉਸਾਰੀ ਮਜ਼ਦੂਰਾਂ ਨਾਲ ਰਾਹਗੀਰਾਂ ਨੂੰ ਵੋਟਾਂ ਲਈ ਜਾਗਰੂਕ ਕਰਦਿਆਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ 100 ਫੀਸਦੀ ਵੋਟ ਪਾਉਣੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਵੋਟਰ ਲੋਕ ਸਭਾ ਚੋਣਾਂ ਵਿਚ ਵੋਟ ਪਾਉਣ ਤੋਂ ਵਾਂਝਾ ਨਾ ਰਹੇ। ਇਸ ਲਈ ਉਹ ਸਵੀਪ ਨੋਡਲ ਅਫ਼ਸਰ ਅੰਕੁਸ਼ ਸ਼ਰਮਾ, ਜ਼ਿਲ੍ਹਾ ਮੀਡੀਆ ਅਤੇ ਕਮਿਊਨੀਕੇਸ਼ਨ ਟੀਮ ਦੇ ਸਹਾਇਕ ਨੋਡਲ ਅਫ਼ਸਰ ਰਜਨੀਸ਼ ਗੁਲਿਆਨੀ ਅਤੇ ਨੀਰਜ ਧੀਮਾਨ ਨੂੰ ਨਾਲ ਲੈ ਕੇ ਲੇਬਰ ਚੌਕ ਹੁਸ਼ਿਆਰਪੁਰ ਵਿਖੇ ਵੱਖ-ਵੱਖ ਢੰਗ ਨਾਲ ਉਸਾਰੀ ਮਜ਼ਦੂਰਾਂ ਨੂੰ ਨੁੱਕੜ ਨਾਟਕ ਰਾਹੀਂ ਵੋਟਾਂ ਪ੍ਰਤੀ ਜਾਗਰੂਕ ਕਰ ਰਹੇ ਹਨ। ਅਸਲ ਵਿਚ ਸਵੀਪ ਤਹਿਤ ਵੋਟ ਪ੍ਰਤੀਸ਼ਤਤਾ ਵਧਾਉਣ ਲਈ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੌਰਾਨ ਜਿਥੇ ਫਸਟ ਟਾਈਮ ਯੁਵਾ ਵੋਟਰਾਂ ਨੇ ਵੀ ਆਉਂਦੇ ਜਾਂਦੇ ਰਾਹਗੀਰਾਂ ਨੂੰ ਵੋਟ ਪ੍ਰਤੀ ਉਨ੍ਹਾਂ ਦੀ ਬਣਦੀ ਜ਼ਿੰਮੇਵਾਰੀ ਦੀ ਸਹੁੰ ਚੁਕਾਈ। ਇਸ ਮੌਕੇ ਐਨ.ਸੀ.ਸੀ ਕੈਡਿਟਾਂ ਤੋਂ ਇਲਾਵਾ ਸਮਾਜ ਸੇਵੀ ਜਸਵਿੰਦਰ ਸਿੰਘ, ਪ੍ਰਿੰਸੀਪਲ ਕਰੁਣ ਸ਼ਰਮਾ, ਜਤਿੰਦਰ ਸਿੰਘ, ਜਸਵੀਰ ਸਿੰਘ ਆਦਿ ਵੀ ਮੌਜੂਦ ਸਨ।