- ਜ਼ਿਲ੍ਹਾ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਨਾਲ ਸਾਂਝੇ ਆਪ੍ਰੇਸ਼ਨ ’ਚ ਗੈਂਗ ਦਾ ਕੀਤਾ ਪਰਦਾਫਾਸ਼: ਐਸ.ਐਸ.ਪੀ ਵਤਸਲਾ ਗੁਪਤਾ
ਕਪੂਰਥਲਾ, 15 ਅਪ੍ਰੈਲ : ਜ਼ਿਲ੍ਹਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਕਪੂਰਥਲਾ ਅਤੇ ਲਾਗਲੇ ਖੇਤਰਾਂ ਵਿਚ ਲੋਕਾਂ ਨੂੰ ਧਮਕੀਆਂ ਦੇ ਕੇ ਫਰੋਤੀ ਦੀ ਮੰਗ ਕਰਨ ਵਾਲੇ ਲਖਵੀਰ ਸਿੰਘ ਉਰਫ ਲੰਡਾ ਗਰੁੱਪ ਦੇ 12 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋ ਦੋ ਪਿਸਤੌਲਾਂ, ਇੱਕ ਰਿਵਾਲਵਰ, 26 ਰੋਂਦ ਜਿੰਦਾ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ। ਸਥਾਨਕ ਪੁਲਿਸ ਲਾਈਨ ਵਿਖੇ ਐਸ.ਐਸ.ਪੀ. ਵਤਸਲਾ ਗੁਪਤਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਸੰਗਠਿਤ ਜ਼ੁਰਮਾ ਖਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਧਮਕੀਆਂ ਦੇ ਕੇ ਫਿਰੌਤੀ ਮੰਗਣ ਵਾਲੇ ਗੈਂਗ ਦਾ ਪਰਦਾਫਾਸ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਐਸ.ਪੀ. (ਡੀ) ਸਰਬਜੀਤ ਰਾਏ, ਡੀ.ਐਸ.ਪੀ (ਡੀ) ਗੁਰਮੀਤ ਸਿੰਘ ਦੀ ਅਗਵਾਈ ਹੇਠ ਸੀ.ਆਈ.ਏ. ਸਟਾਫ਼ ਦੀ ਟੀਮ ਵਲੋਂ ਕਾਊਂਟਰ ਇੰਟੈਲੀਜੈਂਸ ਜਲੰਧਰ ਦੀ ਟੀਮ ਨਾਲ ਸਾਂਝੇ ਤੌਰ ’ਤੇ ਚਲਾਏ ਆਪਰੇਸ਼ਨ ਹੇਠ ਲਖਵੀਰ ਸਿੰਘ ਉਰਫ ਲੰਡਾ ਗੈਂਗ ਦੇ ਸਰਗਰਮ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਜਸਵੀਰ ਸਿੰਘ ਉਰਫ ਜੱਸਾ, ਵਾਸੀ ਗਿੱਲ ਥਾਣਾ ਨਕੋਦਰ, ਮਨਿੰਦਰ ਸਿੰਘ ਵਾਸੀ ਪਿੰਡ ਚਿੱਟੀ, ਗੁਰਜੀਤ ਸਿੰਘ ਉਰਫ ਗਿਆਨੀ ਵਾਸੀ ਮੁਹੱਲਾ ਕਮਾਲਪੁਰ ਨਕੋਦਰ, ਯੁਵਰਾਜ ਕੁਮਾਰ ਉਰਫ ਕਾਲੂ ਵਾਸੀ ਮੁਹੱਲਾ ਧੀਰਾਂ, ਨਕੋਦਰ, ਅੰਗਰੇਜ਼ ਸਿੰਘ ਉਰਫ ਗੇਜੀ ਵਾਸੀ ਘਾਣਕਾ ਜ਼ਿਲ੍ਹਾ ਸੰਗਰੂਰ, ਮਨਪ੍ਰੀਤ ਸਿੰਘ ਉਰਫ ਗੋਲਡੀ ਵਾਸੀ ਹਰਕ੍ਰਿਸ਼ਨਪੁਰਾ, ਸੰਗਰੂਰ, ਧਰਮਿੰਦਰ ਸਿੰਘ ਉਰਫ ਅਮਲੀ ਵਾਸੀ ਪਿੰਡ ਟੁੱਟਕਲਾਂ, ਜਲੰਧਰ, ਜਸਪ੍ਰੀਤ ਸਿੰਘ ਉਰਫ ਜੱਸਾ ਵਾਸੀ ਕੋਟਲਾ ਲਹਿਲ, ਲਹਿਰਾਗਾਗਾ, ਬਲਵਿੰਦਰ ਸਿੰਘ ਉਰਫ ਬਿੱਲਾ ਵਾਸੀ ਜੱਬੋਵਾਲ, ਸੁਲਤਾਨਪੁਰ ਲੋਧੀ, ਸੁਖਪ੍ਰੀਤ ਸਿੰਘ ਉਰਫ ਸੁੱਖਾ ਵਾਸੀ ਢੰਡੋਵਾਲ,ਸ਼ਾਹਕੋਟ, ਹਰਜੀਤ ਸਿੰਘ ਉਰਫ ਬਾਰੂ ਵਾਸੀ ਢੰਡੋਵਾਲ ਅਤੇ ਵਿਸ਼ਾਲ ਉਰਫ ਬਿੱਲੀ ਵਾਸੀ ਢੰਡੋਵਾਲ ਵਜੋਂ ਹੋਈ ਹੈ। ਐਸ.ਐਸ.ਪੀ.ਵਤਸਲਾ ਗੁਪਤਾ ਨੇ ਦੱਸਿਆ ਕਿ ਲਖਵੀਰ ਸਿੰਘ ਉਰਫ ਲੰਡਾ ਵਾਸੀ ਹਰੀਕੇ ਜੋ ਇਸ ਸਮੇਂ ਵਿਦੇਸ਼ ਵਿਚ ਰਹਿ ਰਿਹਾ ਹੈ ਆਪ ਅਤੇ ਆਪਣੇ ਸਾਥੀ ਰਾਹੀਂ ਆਮ ਲੋਕਾਂ ਨੂੰ ਧਮਕੀਆਂ ਦੇ ਕੇ ਫਿਰੌਤੀ ਦੀ ਮੰਗ ਕਰਦਾ ਸੀ। ਉਨ੍ਹਾਂ ਦੱਸਿਆ ਕਿ ਜਸਵੀਰ ਸਿੰਘ ਜੱਸਾ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਹੋਰ ਵੀ ਵਾਰਦਾਤਾਂ ਕੀਤੀਆਂ ਸਨ, ਜਿਨ੍ਹਾਂ ’ਤੇ ਦਰਜ ਮੁਕੱਦਮਿਆਂ ਨੂੰ ਵੀ ਟਰੇਸ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਸਵੀਰ ਸਿੰਘ ਉਰਫ ਜੱਸਾ ਬਹੁਤ ਹੀ ਸ਼ਾਤਰ ਕਿਸਮ ਦਾ ਅਪਰਾਧੀ ਹੈ, ਜਿਸ ਨੇ ਕਈ ਜ਼ਿਲ੍ਹਿਆਂ ਵਿਚ ਆਪਣੇ ਲੁਕਣ ਦੀਆਂ ਠਾਹਰਾਂ ਬਣਾਈਆਂ ਹੋਈਆਂ ਹਨ ਅਤੇ ਵਾਰਦਾਤ ਉਪਰੰਤ ਜਲੰਧਰ ਤੇ ਸੰਗਰੂਰ ਜ਼ਿਲ੍ਹਿਆਂ ਵਿਚ ਲੁਕ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਅਜਿਹੇ ਅਪਰਾਧੀ ਕਿਸਮ ਦੇ ਵਿਅਕਤੀ ਨੂੰ ਠਾਹਰ ਦੇਣ ਵਾਲੇ ਇਸਦੇ ਸਾਥੀਆਂ ਨੂੰ ਵੀ ਕਾਬੂ ਕੀਤਾ ਗਿਆ। ਸੀਨੀਅਰ ਪੁਲਿਸ ਕਪਤਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੈਂਗ ਦੇ ਮੁੱਖ ਮੈਂਬਰ ਜਸਵੀਰ ਸਿੰਘ ਉਰਫ ਜੱਸਾ ਖਿਲਾਫ ਆਰਮਜ਼ ਐਕਟ ਦੇ ਅੱਠ ਅਜਿਹੇ ਮਾਮਲੇ ਦਰਜ ਹਨ, ਜਿਨ੍ਹਾਂ ਵਿਚ ਉਹ ਭਗੌੜਾ ਚੱਲਿਆ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਹ ਸਾਰੇ ਇਕ ਯੋਜਨਾਬੱਧ ਢੰਗ ਨਾਲ ਲੋਕਾਂ ਦੇ ਘਰਾਂ ’ਤੇ ਫਾਇਰਿੰਗ ਕਰਕੇ ਫਿਰੌਤੀ ਦੀ ਮੰਗ ਕਰਦੇ ਸਨ।