- - ਸਾਫ਼ ਸੁਥਰਾ ਵਾਤਾਵਰਣ ਦੇ ਕੇ ਦਵਾਈਆਂ ਤੋਂ ਛਡਾਵਾਂਗੇ ਖਹਿੜਾ
- - ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨਾਲ ਮੁਲਾਕਾਤ
- - ਆਯੂਸ਼ਮਾਨ ਕਾਰਡ ਨੂੰ ਹਸਪਤਾਲ ਵਿੱਚ ਚਲਾਉਣ ਦੀ ਸੰਤ ਸੀਚੇਵਾਲ ਨੇ ਕੀਤੀ ਮੰਗ
ਸੁਲਤਾਨਪੁਰ ਲੋਧੀ, 27 ਜਨਵਰੀ : ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਨੂੰ ਪੰਜਾਬ ਦਾ ਬੇਹਤਰੀਨ ਹਸਪਤਾਲ ਬਣਾਵਾਂਗੇ। ਉਹਨਾਂ ਨਿਰਮਲ ਕੁਟੀਆ ਸੀਚੇਵਾਲ ਵਿਖੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਕੀਤੀ ਮੁਲਾਕਾਤ ਦੌਰਾਨ ਕਿਹਾ ਕਿ ਬਾਬੇ ਨਾਨਕ ਦੀ ਨਗਰੀ ਵਜੋਂ ਜਾਣੇ ਜਾਂਦੇ ਸੁਲਤਾਨਪੁਰ ਲੋਧੀ ਨੂੰ ਸਿਹਤ ਸਹੂਲਤਾਂ ਦੇ ਪੱਖ ਤੋਂ ਮਾਡਲ ਸ਼ਹਿਰ ਬਣਾਇਆ ਜਾਵੇਗਾ। ਮੁਲਾਕਾਤ ਦੌਰਾਨ ਸੁਲਤਾਨਪੁਰ ਲੋਧੀ ਤੇ ਸ਼ਾਹਕੋਟ ਸੀਨੀਅਰਾਂ ਮੈਡੀਕਲਾਂ ਅਫਸਰਾਂ ਵੀ ਉਥੇ ਮੌਜੂਦ ਸੀ ਜਿਹਨਾਂ ਵੱਲੋਂ ਸਿਹਤ ਮੰਤਰੀ ਨੂੰ ਆਪੋ ਆਪਣੇ ਹਸਪਤਾਲਾਂ ਦੀਆਂ ਮੁਸ਼ਕਿਲਾਂ ਦੱਸਦਿਆ ਕਿਹਾ ਕਿ ਡਾਕਟਰਾਂ ਤੇ ਸਟਾਫ ਨਰਸਾਂ ਦੀ ਘਾਟ ਕਾਰਨ ਸਿਹਤ ਸਹੂਲਤਾਂ ਪ੍ਰਭਾਵਿਤ ਹੋ ਰਹੀਆਂ ਹਨ। ਸਿਹਤ ਮੰਤਰੀ ਬਲਬੀਰ ਸਿੰਘ ਵੱਲੋਂ ਮੌਕੇ ਤੇ ਹੀ ਨਰਸਿੰਗ ਕਾਲਜ਼ ਮਲਸੀਆਂ ਦੀ ਪ੍ਰਿੰਸੀਪਲ ਨੂੰ ਹਿਦਾਇਤ ਕੀਤੀ ਕਿ ਉਹ ਟਰੇਨਿੰਗ ਵਾਲੀਆਂ ਨਰਸਾਂ ਨੂੰ ਜਲੰਧਰ ਭੇਜਣ ਦੀ ਥਾਂ ਤੇ ਸੁਲਤਾਨਪੁਰ ਲੋਧੀ ਸਿਵਲ ਹਸਪਤਾਲ ਪਹੁੰਚਣ ਲਈ ਕਿਹਾ। ਸਿਹਤ ਮੰਤਰੀ ਬਲਬੀਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਸਲਾਹ ਦਿੰਦਿਆ ਕਿਹਾ ਕਿ ਤੰਦਰੁਸਤ ਜੀਵਨ ਤੇ ਦਵਾਈਆਂ ਦਾ ਖਹਿੜਾ ਛਡਾਉਣ ਲਈ ਸਾਫ਼-ਸੁਥਰਾ ਵਾਤਾਵਰਨ, ਕਸਰਤ ਅਤੇ ਸ਼ੁੱਧ ਖੁਰਾਕ ਖਾਣਾ ਬਹੁਤ ਜ਼ਰੂਰੀ। ਸਿਹਤ ਮੰਤਰੀ ਨੇ ਕਿਹਾ ਕਿ ਕੇਵਲ ਹਸਪਤਾਲਾਂ ਨਾਲ ਹੀ ਪੰਜਾਬ ਨੂੰ ਤੰਦਰੁਸਤ ਨਹੀ ਬਣਾਇਆ ਜਾ ਸਕਦਾ ਸਗੋਂ ਜੀਵਨ ਜਾਚ ਦੀ ਸ਼ੈਲੀ ਬਦਲਣ ਨਾਲ ਹੀ ਤੰਦਰੁਸਤੀ ਆ ਸਕਦੀ ਹੈ। ਸੁਲਤਾਨਪੁਰ ਲੋਧੀ ਦੇ ਸੀਨੀਅਰ ਮੈਡੀਕਲ ਅਫਸਰ ਡਾ. ਰਵਿੰਦਰਪਾਲ ਨੇ ਕਿਹਾ ਕਿ ਹਸਪਤਾਲ ਵਿਚ ਸਟਾਫ ਦੀ ਕਾਫੀ ਘਾਟ ਦਾ ਮੁੱਦਾ ਉਠਾਇਆ। ਸ਼ਾਹਕੋਟ ਦੇ ਸੀਨੀਅਰ ਮੈਡੀਕਲ ਅਫਸਰ ਡਾ. ਦਵਿੰਦਰ ਪਾਲ ਸਿੰਘ ਵੱਲੋਂ ਵੀ ਮਾਹਰ ਡਾਕਟਰਾਂ ਦੀ ਘਾਟ ਦਾ ਹਵਾਲਾ ਦਿੰਦਿਆ ਕਿਹਾ ਕਿ ਸ਼ਾਹਕੋਟ ਹਸਪਤਾਲ ਵਿਚ ਐਸ.ਐਮ.ਓ ਤੋਂ ਇਲਾਵਾ ਕੋਈ ਵੀ ਡਾਕਟਰ ਨਹੀ ਹੈ ਜਦਕਿ ਇੱਥੇ ਡਾਕਟਰਾਂ ਲਈ 5 ਪੋਸਟਾਂ ਹਨ। ਇਸੇ ਤਰ੍ਹਾਂ ਰੂਪੇਵਾਲੀ, ਲਸੂੜੀ ਅਤੇ ਗਿਦੜਪਿੰਡੀ ਵਿਚ ਵੀ ਡਾਕਟਰਾਂ ਦੀਆਂ ਪੋਸਟਾਂ ਖਾਲੀ ਹਨ। ਸਿਹਤ ਮੰਤਰੀ ਨੇ ਭਰੋਸਾ ਦਿੱਤਾ ਕਿ ਜਲਦ ਹੀ ਉਹ ਉਹਨਾਂ ਦੀ ਸਮੱਸਿਆ ਦਾ ਹੱਲ ਕਰਨਗੇ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਈ ਟੀਮ ਦਾ ਸਵਾਗਤ ਕੀਤਾ ਅਤੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਸਿਹਤ ਮੰਤਰੀ ਕੋਲੋਂ ਮੰਗ ਕਰਦਿਆ ਕਿਹਾ ਕਿ ਸਿਹਤ ਸਹੂਲਤਾਂ ਲੋਕਾਂ ਦੀ ਮੁੱਢਲੀ ਜ਼ਰੂਰਤ ਹੈ ਇਸ ਲਈ ਜਿੱਥੇ-ਜਿੱਥੇ ਵੀ ਹਸਪਤਾਲਾਂ ਵਿਚ ਡਾਕਟਰਾਂ ਅਤੇ ਸਟਾਫਾਂ ਦੀ ਕਮੀ ਹੈ ਉਸਨੂੰ ਪੂਰਾ ਕੀਤਾ ਜਾਵੇ ਅਤੇ ਸਰਕਾਰ ਵੱਲੋਂ ਬਣਾਏ ਗਏ ਆਯੂਸ਼ਮਾਨ ਕਾਰਡਾਂ ਨੂੰ ਹਸਪਤਾਲਾਂ ਵਿਚ ਚਲਾਇਆ ਜਾਵੇ। ਇਸ ਮੌਕੇ ਆਈ ਹੋਈ ਟੀਮ ਤੋਂ ਇਲਾਵਾ ਤੇ ਹੈਲਥ ਸੁਪਰਵਾਈਜ਼ਰ ਅਮਨਪ੍ਰੀਤ ਸਿੰਘ, ਹਰਜਿੰਦਰ ਸਿੰਘ, ਸੁਰਜੀਤ ਸਿੰਘ ਸ਼ੰਟੀ, ਫਕੀਰ ਸਿੰਘ, ਤਰਸੇਮ ਸਿੰਘ ਪ੍ਰਧਾਨ ਤੋਂ ਇਲਾਵਾ ਹੋਰ ਸਿਹਤ ਕਰਮਚਾਰੀ ਅਤੇ ਸੇਵਾਦਾਰ ਹਾਜ਼ਰ ਸਨ।