ਨਵਾਂਸ਼ਹਿਰ, 02 ਮਈ : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਆਪਣੇ ਜੱਦੀ ਪਿੰਡ ਦੇ ਵਸਨੀਕਾਂ ਲਈ ਨੇਕਨੀਅਤੀ ਦਾ ਪ੍ਰਗਟਾਵਾ ਕਰਦਿਆਂ ਅੱਜ ਆਪਣੇ ਜੱਦੀ ਪਿੰਡ ਭੌਰਾ ਦੀ ਸੰਖੇਪ ਫੇਰੀ ਦੌਰਾਨ ਆਪਣੇ ਜੱਦੀ ਘਰ ਦੇ ਇੱਕ ਹਿੱਸੇ ਨੂੰ ਸਰਕਾਰੀ ਸਿਹਤ ਅਤੇ ਤੰਦਰੁਸਤੀ ਕੇਂਦਰ (ਹੈਲਥ ਤੇ ਵੈਲਨੈਸ ਸੈਂਟਰ) ਲਈ ਦੇਣ ਦਾ ਐਲਾਨ ਕੀਤਾ। ਆਪਣੇ ਜੱਦੀ ਪਿੰਡ ਵਿੱਚ ਆਪਣੀ ਮਾਤਾ ਨੂੰ ਮਿਲਣ ਆਏ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਕੰਮ ਲਈ ਸਿਰਫ਼ ਘੋਸ਼ਣਾ ਹੀ ਨਹੀਂ ਕੀਤੀ ਸਗੋਂ ਉਨ੍ਹਾਂ ਨੇ ਮੁਰੰਮਤ ਦੇ ਸਾਰੇ ਲੋੜੀਂਦੇ ਖਰਚੇ ਵੀ ਆਪਣੇ ਪਰਿਵਾਰ ਵੱਲੋਂ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪਿੰਡ ਵਿੱਚ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਭਰਾ ਦੀ ਰਿਹਾਇਸ਼ ਦੇ ਦੋ ਹਿੱਸੇ ਹਨ, ਜਿਨ੍ਹਾਂ ਵਿੱਚੋਂ ਇੱਕ ਹਿੱਸਾ ਉਨ੍ਹਾਂ ਦੀ ਬਿਰਧ ਮਾਤਾ ਵਰਤ ਰਹੀ ਹੈ, ਜੋ ਕਿ ਪਿੰਡ ਨਾਲ ਆਪਣੇ ਮੋਹ ਕਰਨ ਪਿੰਡ ਛੱਡਣਾ ਨਹੀਂ ਚਾਹੁੰਦੀ ਅਤੇ ਦੂਜਾ ਹਿੱਸਾ ਖਾਲੀ ਪਿਆ ਹੈ। ਉਨ੍ਹਾਂ ਨੇ ਅਤੇ ਉਨ੍ਹਾਂ ਭਰਾ ਨੇ ਆਪਣੇ ਪਿੰਡ ਦੇ ਵਸਨੀਕਾਂ ਦੀ ਖ਼ਾਤਰ ਇੱਕ ਸਿਹਤ ਅਤੇ ਤੰਦਰੁਸਤੀ ਕੇਂਦਰ ਸਥਾਪਤ ਕਰਨ ਲਈ ਘਰ ਦਾ ਖਾਲੀ ਪਿਆ ਇੱਕ ਹਿੱਸਾ ਦੇਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਵਾਸ਼ ਰੂਮ ਅਤੇ ਮਿੰਨੀ ਰਸੋਈ ਤੋਂ ਇਲਾਵਾ ਐਲੂਮੀਨੀਅਮ ਫਿਟਿੰਗ ਅਤੇ ਹੋਰ ਲੋੜੀਂਦੇ ਮੁਰੰਮਤ ਵਰਗੀਆਂ ਲਾਜ਼ਮੀ ਲੋੜਾਂ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਨਵੀਂ ਸਿਹਤ ਸੰਸਥਾ ਨੂੰ, ਉਨ੍ਹਾਂ ਦੇ ਆਪਣੇ ਵਿਭਾਗ ਤੋਂ ਰਸਮੀ ਮਨਜ਼ੂਰੀ ਮਿਲਣ ਤੋਂ ਬਾਅਦ ਇੱਕ ਮਹੀਨੇ ਵਿੱਚ ਕਾਰਜਸ਼ੀਲ ਕਰ ਦਿੱਤਾ ਜਾਵੇਗਾ। ਉਸਨੇ ਅੱਗੇ ਕਿਹਾ ਕਿ ਨਵੇਂ ਸਿਹਤ ਅਤੇ ਤੰਦਰੁਸਤੀ ਕੇਂਦਰ ਵਿੱਚ ਇੱਕ ਏ ਐਨ ਐਮ, ਇੱਕ ਸਿਹਤ ਕਰਮਚਾਰੀ ਅਤੇ ਆਸ਼ਾ ਵਰਕਰ ਤੋਂ ਇਲਾਵਾ ਇੱਕ ਕਮਿਊਨਿਟੀ ਹੈਲਥ ਅਫਸਰ ਹੋਵੇਗਾ। ਤੰਦਰੁਸਤੀ ਅਤੇ ਸਿਹਤ ਕੇਂਦਰ ਨੇੜਲੇ ਵਸਨੀਕਾਂ ਨੂੰ ਮੁੱਢਲੇ ਟੈਸਟਾਂ ਅਤੇ ਏ.ਐੱਨ.ਸੀ. ਵਰਗੇ ਚੈਕਅੱਪ ਤੋਂ ਇਲਾਵਾ ਉੱਚ ਜੋਖਮ ਵਾਲੀਆਂ ਗਰਭਵਤੀ ਔਰਤਾਂ ਦੀ ਵਿਸ਼ੇਸ਼ ਦੇਖਭਾਲ ਦੇ ਨਾਲ-ਨਾਲ ਨਵ ਜਨਮੇ ਬੱਚਿਆਂ ਦੇ ਟੀਕਾਕਰਨ ਦੀ ਸਹੂਲਤ ਦੇਵੇਗਾ। ਇਸ ਤੋਂ ਇਲਾਵਾ, ਟੀਬੀ ਨਾਲ ਪੀੜਤ ਮਰੀਜ਼ਾਂ ਦਾ ਵੀ ਧਿਆਨ ਰੱਖਿਆ ਜਾਵੇਗਾ। ਇੰਟਰਨੈਟ ਸੁਵਿਧਾ ਨਾਲ ਲੈਸ ਇਹ ਸੈਂਟਰ ਸਿਹਤ ਮਾਹਿਰਾਂ ਤੋਂ ਰਾਏ ਲੈਣ ਲਈ ਟੈਲੀ ਮੈਡੀਸਨ ਨੋਡਲ ਪੁਆਇੰਟ ਵਜੋਂ ਵੀ ਕੰਮ ਕਰੇਗਾ। ਭਾਵੁਕ ਹੁੰਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਮਿੱਟੀ ਨੇ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ ਹੈ, ਇੱਕ ਵਿਦਿਆਰਥੀ ਤੋਂ ਲੈ ਕੇ ਡਾਕਟਰ ਤੱਕ ਅਤੇ ਫਿਰ ਇੱਕ ਡਾਕਟਰ ਤੋਂ ਲੈ ਕੇ ਸੂਬੇ ਦੇ ਸਿਹਤ ਮੰਤਰੀ ਤੱਕ, ਉਹ ਵੀ ਇੱਕ ਆਮ ਪਰਿਵਾਰ ਦਾ ਪੁੱਤਰ ਹੋਣ ਦੇ ਬਾਵਜੂਦ, ਇਸ ਲਈ ਮੈਂ ਇਸ ਮਿੱਟੀ ਦਾ ਕਰਜ਼ਾ ਨਹੀਂ ਚੁਕਾ ਸਕਦਾ। ਇਸ ਮੌਕੇ ਉਨ੍ਹਾਂ ਦਾ ਰਸਮੀ ਸਵਾਗਤ ਕਾਰਜਕਾਰੀ ਸਿਵਲ ਸਰਜਨ ਡਾ. ਜਸਦੇਵ ਸਿੰਘ ਅਤੇ ਐਸ ਐਮ ਓ ਡਾ. ਨਿਰੰਜਨ ਪਾਲ ਨੇ ਕੀਤਾ .