- ਅਮਿਤ ਕੁਮਾਰ ਪੰਚਾਲ ਅਤੇ ਵਰਧਮਾਨ ਸਪੈਸ਼ਲ ਸਟੀਲਜ਼ ਦੇ ਨੁਮਾਇੰਦਿਆਂ ਨੇ ਸੀ.ਐਸ.ਆਰ. ਤਹਿਤ 150 ਵਿਦਿਆਰਥੀਆਂ ਨੂੰ ਵੰਡੀਆਂ ਸਕੂਲ ਬੈਗ ਕਿੱਟਾਂ
- ਕੰਪਨੀ ਵਲੋਂ ਭਵਿੱਖ ’ਚ ਵੀ ਵਿਦਿਆਰਥੀਆਂ ਦੀ ਮਦਦ ਦਾ ਭਰੋਸਾ
ਕਪੂਰਥਲਾ, 03 ਜੁਲਾਈ 2024 :ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਅਤੇ ਲੋੜੀਂਦੀ ਮਦਦ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਵੱਖ-ਵੱਖ ਉਪਰਾਲਿਆਂ ਦੀ ਲੜੀ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੇ ਉਦਯੋਗਿਕ ਇਕਾਈਆਂ ਦੀ ਕਾਰਪੋਰੇਟ ਸੋਸ਼ਲ ਰਿਸਪੌਂਸੀਬਿਲਟੀ ਤਹਿਤ ਅੱਜ 150 ਲੋੜਵੰਦ ਵਿਦਿਆਰਥੀਆਂ ਨੂੰ ਸਕੂਲ ਬੈਗ ਕਿੱਟਾਂ ਮੁਹੱਈਆ ਕਰਵਾਈਆਂ। ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਪੜਾਈ ਲਈ ਬੇਹੱਦ ਸਾਜ਼ਗਾਰ ਮਾਹੌਲ ਪ੍ਰਦਾਨ ਕੀਤਾ ਜਾ ਰਿਹਾ ਹੈ ਅਤੇ ਕਾਰਪੋਰੇਟ ਸੋਸ਼ਲ ਰਿਸਪੌਂਸੀਬਿਲਟੀ ਉਪਰਾਲਿਆਂ ਨਾਲ ਲੋੜਵੰਦ ਵਿਦਿਆਰਥੀਆਂ ਨੂੰ ਹੋਰ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਲੋੜਵੰਦ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਵਾਉਣ ਲਈ ਹਰ ਸੰਭਵ ਉਪਰਾਲਾ ਕਰੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਲੁਧਿਆਣਾ ਦੇ ਵੱਡੀ ਉਦਯੋਗਿਕ ਇਕਾਈ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਦੇ ਸਹਿਯੋਗ ਨਾਲ ਇੱਥੇ 150 ਲੋੜਵੰਦ ਵਿਦਿਆਰਥੀਆਂ ਨੂੰ ਸਕੂਲ ਬੈਗ ਕਿੱਟਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਕੰਪਨੀ ਦਾ ਸਕੂਲ ਬੈਗ ਕਿੱਟਾਂ ਮੁਹੱਈਆ ਕਰਵਾਉਣ ਵਾਲਾ ਕਦਮ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਕੰਪਨੀ ਵਲੋਂ ਭਵਿੱਖ ਵਿਚ ਵੀ ਲੋੜਵੰਦ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ, ਲੋੜੀਂਦੀਆਂ ਵਸਤਾਂ ਅਤੇ ਮਿਆਰੀ ਅਦਾਰਿਆਂ ਵਿਚ ਸਿੱਖਿਆ ਹਾਸਲ ਕਰਨ ਲਈ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਗਿਆ ਹੈ, ਜੋਕਿ ਵਿਦਿਆਰਥੀਆਂ ਲਈ ਸਹਾਈ ਹੋਵੇਗਾ। ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਵਰਧਮਾਨ ਸਪੈਸ਼ਲ ਸਟੀਲਜ਼ ਦੇ ਸੀਨੀਅਰ ਮੈਨੇਜਰ ਅਮਿਤ ਧਵਨ ਅਤੇ ਹਰਨੇਕ ਸਿੰਘ ਸਮੇਤ ਕੰਪਨੀ ਦੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਇਹ ਕਿੱਟਾਂ ਵੰਡੀਆਂ। ਉਨ੍ਹਾਂ ਨੇ ਕੰਪਨੀ ਦੇ ਵਾਇਸ ਚੇਅਰਮੈਨ ਸਚਿਤ ਜੈਨ, ਕਾਰਜਕਾਰੀ ਡਾਇਰੈਕਟਰ ਸੌਮਿਆ ਜੈਨ ਅਤੇ ਆਰ.ਕੇ ਰਿਵਾੜੀ ਦਾ ਵੀ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸਮੇਂ-ਸਮੇਂ ਸਿਰ ਅਜਿਹੇ ਯਤਨਾਂ ਨਾਲ ਸਮਾਜ ਦੇ ਵੱਖ-ਵੱਖ ਲੋੜਵੰਦ ਪਰਿਵਾਰਾਂ ਅਤੇ ਵਰਗਾਂ ਲਈ ਮਦਦ ਉਨ੍ਹਾਂ ਲਈ ਲਾਹੇਵੰਦ ਸਾਬਤ ਹੁੰਦੀ ਹੈ। ਸਟੀਲਜ਼ ਸਮਾਜ ਭਲਾਈ, ਸਿੱਖਿਆ ਅਤੇ ਵਾਤਾਵਰਨ ਦੇ ਖੇਤਰਾਂ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਹਮੇਸ਼ਾ ਤੱਤਪਰ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਭਵਿੱਖ ਵਿਚ ਵੀ ਲੋੜਵੰਦ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਅਤੇ ਉਨ੍ਹਾਂ ਨੂੰ ਵਧੀਆ ਅਦਾਰਿਆਂ ’ਚ ਮਿਆਰੀ ਸਿੱਖਿਆ ਪ੍ਰਦਾਨ ਕਰਵਾਉਣ ਲਈ ਆਪਣੇ ਸੋਸ਼ਲ ਕਾਰਪੋਰੇਟ ਰਿਸਪੌਂਸੀਬਿਲਟੀ ਉਪਰਾਲਿਆਂ ਤਹਿਤ ਕੰਮ ਕਰਦੀ ਰਹੇਗੀ।