ਨਵਾਂਸ਼ਹਿਰ, 1 ਜੂਨ : ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਵੋਟਰਾਂ ਦੀ ਗਿਣਤੀ ਨੂੰ ਵਧਾਉਣ ਦੇ ਉਪਰਾਲੇ ਤਹਿਤ ਰਾਹੋਂ ਬਜ਼ਾਰ ਖੇਤਰ ਵਿੱਚ ਘਰ-ਘਰ ਜਾ ਕੇ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਆਪਣੀਆਂ ਦੁਕਾਨਾਂ ਇਕ ਘੰਟੇ ਲਈ ਬੰਦ ਰੱਖਣ। ਵੋਟਿੰਗ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਲੋਕਾਂ ਨੂੰ ਛੁੱਟੀ ਲੈ ਕੇ ਲੋਕਤੰਤਰੀ ਪ੍ਰਕਿਰਿਆ 'ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ |ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿ) ਸਾਗਰ ਸੇਤੀਆ ਦੇ ਨਾਲ ਡਿਪਟੀ ਕਮਿਸ਼ਨਰ ਨੇ ਸਥਿਤੀ ਦਾ ਜਾਇਜ਼ਾ ਲੈਣ ਅਤੇ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪੋਲਿੰਗ ਬੂਥਾਂ ਦਾ ਨਿਰੀਖਣ ਵੀ ਕੀਤਾ।ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਰੰਧਾਵਾ ਨੇ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ਼) ਅਤੇ ਸੈਕਟਰ ਸੁਪਰਵਾਈਜ਼ਰਾਂ ਨੂੰ ਟੀਚਾਬੱਧ ਯਤਨਾਂ ਰਾਹੀਂ ਵੋਟ ਪ੍ਰਤੀਸ਼ਤਤਾ ਵਧਾਉਣ ਦਾ ਸੱਦਾ ਦਿੱਤਾ। ਨਿਰੀਖਣ ਅਤੇ ਪ੍ਰੇਰਕ ਮੁਹਿੰਮ ਨੂੰ ਐਸ.ਡੀ.ਐਮਜ਼ ਡਾ. ਅਕਸ਼ਿਤਾ ਗੁਪਤਾ ਅਤੇ ਵਿਕਰਮਜੀਤ ਪਾਂਥੇ, ਸਹਾਇਕ ਕਮਿਸ਼ਨਰ ਡਾ. ਗੁਰਲੀਨ ਕੌਰ ਅਤੇ ਗੁੱਡ ਗਵਰਨੈਂਸ ਫੈਲੋ ਅਸਮਿਤਾ ਪਰਮਾਰ ਅਤੇ ਹੋਰ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਵੀ ਸਹਿਯੋਗ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਚੋਣ ਅਫਸਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਰਾਹੋ ਦੇ ਇੱਕ ਬੂਥ ਵਿੱਚ ਬੋਗੈਂਬੋ ਖੁਸ਼ ਹੁਆ ਦੇ ਸੈਲਫੀ ਪੁਆਇੰਟ ਤੇ ਫੋਟੋ ਵੀ ਖਿੱਚਵਾਈ। ਇਸ ਸੈਲਫੀ ਪੁਆਇੰਟ ਦਾ ਵੋਟਰਾਂ ਨੇ ਖੂਬ ਅਨੰਦ ਮਾਣਦੇ ਹੋਏ ਫੋਟੋਆਂ ਖਿੱਚਵਾਈਆਂ।