ਨਵਾਂਸ਼ਹਿਰ, 2 ਜੂਨ : ਲੋਕ ਸਭਾ ਹਲਕਾ-06 ਅਨੰਦਪੁਰ ਸਾਹਿਬ ਵਿੱਚ ਸਨਿਚਰਵਾਰ ਨੂੰ ਪੋਲਿੰਗ ਬੰਦ ਹੋਣ ਤੋਂ ਬਾਅਦ ਸਾਰੀਆਂ ਈ.ਵੀ.ਐੱਮ. ਮਸ਼ੀਨਾਂ ਨੂੰ ਸੁਰੱਖਿਆ ਇੰਤਜ਼ਾਮਾਂ ਦੇ ਸਖ਼ਤ ਪਹਿਰੇ ਹੇਠ ਸਟਰਾਂਗ ਰੂਮਾਂ ਵਿੱਚ ਰੱਖਿਆ ਗਿਆ ਹੈ। ਬੀਤੀ ਰਾਤ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਲਈ ਨਿਯੁਕਤ ਕੀਤੇ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਆਈ.ਏ.ਐਸ, ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ, ਏ.ਆਰ.ਓ ਅਤੇ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸਟਰਾਂਗ ਰੂਮ ਨੂੰ ਤਾਲਾ ਲਗਾ ਕੇ ਸੀਲਬੰਦ ਕੀਤਾ ਗਿਆ। ਇਸ ਮੌਕੇ ਤੇ ਐਸ ਡੀ ਐਮ ਨਵਾਂਸ਼ਹਿਰ ਅਕਸ਼ਿਤਾ ਗੁਪਤਾ, ਐਸ ਡੀ ਐਮ ਬੰਗਾ ਵਿਕਰਮਜੀਤ ਸਿੰਘ ਪੰਥੇ, ਐਸ ਡੀ ਐਮ ਬਲਾਚੌਰ ਰਵਿੰਦਰ ਬੰਸਲ, ਐਸ ਡੀ ਐਮ ਗੜ੍ਹਸ਼ੰਕਰ ਸ਼ਿਵਰਾਜ ਸਿੰਘ ਬੱਲ, ਸਹਾਇਕ ਕਮਿਸ਼ਨਰ ਜਨਰਲ ਗੁਰਲੀਨ ਕੌਰ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਲੋਕ ਸਭਾ ਹਲਕਾ 06-ਅਨੰਦਪੁਰ ਸਾਹਿਬ ਅਧੀਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿਧਾਨ ਸਭਾ ਹਲਕੇ ਨਵਾਂਸ਼ਹਿਰ, ਬੰਗਾ, ਬਲਾਚੌਰ ਅਤੇ ਗੜ੍ਹਸ਼ੰਕਰ ਦੀਆਂ ਵੋਟਿੰਗ ਮਸ਼ੀਨਾਂ ਦੁਆਬਾ ਕਾਲਜ, ਛੋਕਰਾਂ ਵਿਖੇ ਸਟਰਾਂਗ ਰੂਮ ਵਿੱਚ ਰੱਖੀਆਂ ਗਈਆਂ ਹਨ ਜਿੱਥੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਟਰਾਂਗ ਰੂਮਾਂ ਦੇ ਬਾਹਰਵਾਰ ਕੇਂਦਰੀ ਸੁਰੱਖਿਆ ਬਲਾਂ, ਪੰਜਾਬ ਆਰਮਡ ਪੁਲਿਸ ਅਤੇ ਪੰਜਾਬ ਪੁਲਿਸ ਜਵਾਨਾਂ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਸਟਰਾਂਗ ਰੂਮ ਦੇ ਬਾਹਰਵਾਰ ਸੀ.ਸੀ.ਟੀਵੀ ਕੈਮਰੇ ਵੀ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ 4 ਜੂਨ ਨੂੰ ਸਵੇਰੇ 8:00 ਵਜੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਧੀਨ ਪੈਂਦੇ ਤਿੰਨ ਵਿਧਾਨ ਸਭਾ ਹਲਕਿਆਂ ਅਤੇ ਗੜ੍ਹਸ਼ੰਕਰ ਹਲਕੇ ਦੀ ਗਿਣਤੀ ਦੁਆਬਾ ਕਾਲਜ, ਛੋਕਰਾਂ ਵਿਖੇ ਹੋਵੇਗੀ।