- ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਨਾਲ ਰੱਖਿਆ ਮੰਤਰੀ ਨੇ ਕੀਤੀ ਮੁਲਾਕਾਤ
ਬਿਆਸ, 25 ਮਾਰਚ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਅੰਮ੍ਰਿਤਸਰ ਵਿੱਚ ਰਾਧਾ ਸੁਆਮੀ ਸਤਿਸੰਗ ਬਿਆਸ ਦਾ ਦੌਰਾ ਕੀਤਾ ਅਤੇ ਇਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਬਾਅਦ ਵਿੱਚ ਸਿੰਘ ਸਤਿਸੰਗ ਮੁਖੀ ਦੇ ਨਾਲ ਡੇਰਾ ਕਮਿਊਨਿਟੀ ਦੀ ਰਸੋਈ ਵਿੱਚ ਗਏ ਜਿੱਥੇ ਮਹਿਲਾ ਪੈਰੋਕਾਰ ਰੋਟੀਆਂ ਬਣਾ ਰਹੀਆਂ ਸਨ ਅਤੇ ਸਬਜ਼ੀਆਂ ਕੱਟ ਰਹੀਆਂ ਸਨ। ਉਨ੍ਹਾਂ ਨੇ ਰਾਧਾ ਸੁਆਮੀ ਸਤਿਸੰਗ ਬਿਆਸ ਵਿਖੇ ਕਰੀਬ ਦੋ ਘੰਟੇ ਬਿਤਾਏ। ਇਸ ਪਹਿਲਾਂ ਸਵੇਰੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਅੰਮ੍ਰਿਤਸਰ ਪਹੁੰਚੇ। ਦਿੱਲੀ ਛੱਡਣ ਤੋਂ ਬਾਅਦ ਉਹ ਸਿੱਧੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੇ। ਇਸ ਤੋਂ ਬਾਅਦ ਉਹ ਡੇਰਾ ਰਾਧਾ ਸੁਆਮੀ ਬਿਆਸ ਚਲੇ ਗਏ। ਅੰਮ੍ਰਿਤਸਰ ਹਵਾਈ ਅੱਡੇ 'ਤੇ ਭਾਜਪਾ ਦੇ ਸੂਬਾਈ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਡੇਰਾ ਬਿਆਸ ਦੀ ਇਹ ਦੂਜੀ ਫੇਰੀ ਹੈ, ਉਹ ਨਵੰਬਰ 2022 ਵਿੱਚ ਵੀ ਡੇਰੇ ਗਏ ਸਨ। ਰਾਜਨਾਥ ਸਿੰਘ ਨੇ ਕਿਹਾ- ਅੱਜ ਰਾਧਾ ਸੁਆਮੀ ਸਤਿਸੰਗ ਬਿਆਸ ਜਾਣ ਦਾ ਸੁਭਾਗ ਮਿਲਿਆ। ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਸੰਜੀਦਾ ਅਗਵਾਈ ਹੇਠ ਆਰ.ਐਸ.ਐਸ.ਬੀ. ਵੱਲੋਂ ਕੀਤੇ ਜਾ ਰਹੇ ਸਮਾਜਿਕ ਕੰਮਾਂ ਦਾ ਨੇੜਿਓਂ ਅਨੁਭਵ ਕੀਤਾ। ਦੇਸ਼ ਅਤੇ ਸਮਾਜ ਦੀ ਭਲਾਈ ਲਈ ਚਲਾਏ ਜਾ ਰਹੇ ਉਨ੍ਹਾਂ ਦੇ ਸਾਰੇ ਸੇਵਾ ਕਾਰਜਾਂ ਦੀ ਅਸੀਂ ਜਿੰਨੀ ਵੀ ਸ਼ਲਾਘਾ ਕਰੀਏ, ਘੱਟ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਇਸ ਦੌਰੇ ਨੂੰ 2024 ਦੀਆਂ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਭਾਜਪਾ ਪੰਜਾਬ 'ਚ ਖੁਦ ਨੂੰ ਮਜ਼ਬੂਤ ਕਰਨ 'ਚ ਲੱਗੀ ਹੋਈ ਹੈ। ਭਾਜਪਾ ਸ਼ਹਿਰਾਂ ਵਿੱਚ ਹੀ ਨਹੀਂ ਸਗੋਂ ਪੇਂਡੂ ਖੇਤਰਾਂ ਵਿੱਚ ਵੀ ਆਪਣੇ ਪੈਰ ਪਸਾਰ ਰਹੀ ਹੈ।