ਜਗਮੀਤ ਸਿੰਘ ਬਰਾੜ ਨੂੰ 6 ਸਾਲ ਲਈ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ‘ਚੋਂ ਕੱਢਿਆ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਵੱਡਾ ਫੈਸਲਾ ਪੈਂਦੇ ਹੋਏ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਜਗਮੀਤ ਬਰਾੜ ਨੂੰ ਪਾਰਟੀ ਵਿੱਚੋਂ 6 ਸਾਲ ਦੇ ਲਈ ਬਾਹਰ ਕੱਢ ਦਿੱਤਾ ਹੈ। ਦਰਅਸਲ ਉਨ੍ਹਾਂ ਨੂੰ ਅਨੁਸ਼ਾਸਨੀ ਕਮੇਟੀ ਨੇ ਪੇਸ਼ ਹੋਣ ਦੇ ਲਈ ਸੱਦਿਆ ਸੀ ਜੋ ਕਿ ਕਮੇਟੀ ਦੇ ਅੱਗੇ ਅੱਜ ਪੇਸ਼ ਨਹੀਂ ਹੋਏ ਜਿਸ ਤੋਂ ਬਾਅਦ ਉਨ੍ਹਾਂ ਦੀ ਅਕਾਲੀ ਦਲ 'ਚੋਂ ਪੱਕੀ ਛੁੱਟੀ ਕਰ ਦਿੱਤੀ ਗਈ ਹੈ। ਜਗਮੀਤ ਬਰਾੜ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਛੇ ਸਾਲ ਲਈ ਬਾਹਰ ਕੱਢ ਦਿੱਤਾ ਗਿਆ ਹੈ। ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਕਮੇਟੀ ਨੇ ਬਰਾੜ ਨੂੰ ਪਾਰਟੀ ਨੇ ਬਹੁਤ ਸਨਮਾਨ ਦਿੱਤਾ। ਹਾਲਾਂਕਿ ਬਰਾੜ ਦੀ ਪਾਰਟੀ ਨੂੰ ਕੋਈ ਦੇਣ ਨਹੀਂ ਸੀ। ਉਨ੍ਹਾਂ ਨੂੰ ਸੀਨੀਅਰ ਮੀਤ ਪ੍ਰਧਾਨ ਵੀ ਬਣਾਇਆ ਗਿਆ ਸੀ, ਕੋਰ ਕਮੇਟੀ ਮੈਂਬਰ ਬਣਾਇਆ ਪਰ ਉਹ ਪਿਛਲੇ ਸੁਭਾਅ ਮੁਤਾਬਿਕ ਟਿਕ ਕੇ ਨਹੀਂ ਰਹਿ ਸਕੇ। ਉਨ੍ਹਾਂ ਕਿਹਾ ਕਿ ਕਿਸੇ ਦੇ ਖਿਲਾਫ਼ ਕਾਰਵਾਈ ਔਖੇ ਮਨ ਨਾਲ ਕਰਨੀ ਪੈਂਦੀ ਹੈ ਕਿਉਂਕਿ ਅਨੁਸ਼ਾਸਨਹੀਣਤਾ ਕਾਰਨ ਪਾਰਟੀ ਨਹੀਂ ਚੱਲਦੀ। ਉਨ੍ਹਾਂ ਕਿਹਾ ਕਿ ਬਰਾੜ ਟਾਇਮ ਲੈ ਕੇ ਵੀ ਨਹੀਂ ਪਹੁੰਚੇ। ਚੰਗਾ ਹੁੰਦਾ ਕਿ ਅੱਜ ਆ ਕੇ ਆਪਣਾ ਪੱਖ ਰੱਖਦੇ ਤਾਂ ਜੋ ਉਨ੍ਹਾਂ ਦੀ ਸੁਣਵਾਈ ਕਰ ਕੇ ਫੈਸਲਾ ਲੈਂਦੇ। ਇਸ ਤੋਂ ਇਲਾਵਾ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਬਰਾੜ ਨੇ ਬੀਬੀ ਜਗੀਰ ਕੌਰ  ਵੱਲੋਂ ਰੱਖੀ ਮੀਟਿੰਗ 'ਚ ਸ਼ਾਮਲ ਹੋ ਕੇ ਇਕ ਹੋਰ ਅਨੁਸ਼ਾਸ਼ਨਹੀਣਤਾ ਕੰਮ ਕੀਤਾ ਸੀ। ਉਨ੍ਹਾਂ ਕਿਹਾ ਕਿ ਜਗਮੀਤ ਸਿੰਘ ਬਰਾੜ ਸਿੱਖ ਫਲਸਫੇ ਦੀਆਂ ਗੱਲਾਂ ਕਰਦੇ ਹਨ...ਲੰਬਾ ਸਮਾਂ ਉਹ ਕਾਂਗਰਸ 'ਚ ਰਹੇ ਹਨ ਫਿਰ ਉਨ੍ਹਾਂ ਨੂੰ ਕਾਂਗਰਸ ਕਿਵੇਂ ਚੰਗੀ ਲੱਗਦੀ ਸੀ ਜਿਨ੍ਹਾਂ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਤੇ ਦਿੱਲੀ ਦੰਗੇ ਕਰਵਾਏ। ਜਿੱਥੇ ਅਕਾਲੀ ਦਲ ਖਿਲਾਫ ਕੋਈ ਗੱਲ ਆਵੇਗੀ ਤਾਂ ਵਿਰਸਾ ਸਿੰਘ ਵਲਟੋਹਾ ਬਰਦਾਸ਼ਤ ਨਹੀਂ ਕਰੇਗਾ। ਇਸ ਦੇ ਨਾਲ ਹੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਅਮਰਪਾਲ ਸਿੰਘ ਬੋਨੀ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ। ਬਰਾੜ ਪਰਵਾਰ ਅਕਾਲੀ ਸਿਆਸਤ ਨਾਲ ਜੁੜੇ ਰਹੇ ਸਨ ਤੇ ਉਨ੍ਹਾਂ ਦੀ ਬਾਦਲ ਪਰਵਾਰ ਨਾਲ ਸਿੱਧੀ ਸਿਆਸੀ ਰੰਜਿਸ਼ ਸੀ। ਉਨ੍ਹਾਂ ਵੱਲੋਂ ਬੇਨਤੀ ਕਰਨ 'ਤੇ ਅਕਾਲੀ ਦਲ 'ਚ ਲਿਆ ਗਿਆ ਸੀ ਪਰ ਬਰਾੜ ਨੇ ਪਾਰਟੀ ਵਿਰੋਧੀ ਕਾਰਵਾਈ ਜਾਰੀ ਰੱਖੀਆਂ।ਜਿਸ ਕਾਰਨ ਉਨ੍ਹਾਂ ਦੇ ਉੱਪਰ ਕਾਰਵਾਈ ਕਰਦੇ ਹੋਏ ਜਗਮੀਤ ਬਰਾੜ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਛੇ ਸਾਲ ਲਈ ਬਾਹਰ ਕੱਢ ਦਿੱਤਾ ਗਿਆ ਹੈ।