
ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਭਾਰੀ ਬਣਨ ਤੋਂ ਬਾਅਦ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਪੰਜਾਬ ਦੇ ਇੰਚਾਰਜ ਵਿਜੇ ਰੂਪਾਨੀ ਚੰਡੀਗੜ੍ਹ ਪੁੱਜੇ। ਸੂਬਾ ਭਾਜਪਾ ਹੈੱਡਕੁਆਰਟਰ ਸੈਕਟਰ 37-ਏ ਪੁੱਜਣ 'ਤੇ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਪਣੀ ਟੀਮ ਦੇ ਅਹੁਦੇਦਾਰਾਂ ਸਮੇਤ ਵਿਜੇ ਰੂਪਾਨੀ ਦਾ ਫੁੱਲਾਂ ਦੇ ਗੁਲਦਸਤੇ ਅਤੇ ਦੁਸ਼ਾਲਾ ਦੇ ਕੇ ਸਵਾਗਤ ਕੀਤਾ। ਇਸ ਤੋਂ ਬਾਅਦ ਵਿਜੇ ਰੂਪਾਨੀ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈਆਂ ਵੱਖ-ਵੱਖ ਮੀਟਿੰਗਾਂ ਵਿੱਚ ਵਰਕਰਾਂ ਨਾਲ ਰੁ-ਬ-ਰੁ ਹੋਏ। ਮੀਟਿੰਗ ਦਾ ਆਗਾਜ਼ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਗਿਆ। ਇਸ ਮੌਕੇ ਮੰਚ 'ਤੇ ਉਨ੍ਹਾਂ ਨਾਲ ਸੰਗਠਨ ਜਨਰਲ ਸਕੱਤਰ ਸ਼੍ਰੀਮੰਤਰੀ ਸ੍ਰੀਨਿਵਾਸਲੂ, ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ,ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਕੌਮੀ ਕਾਰਜਕਾਰਨੀ ਮੈਂਬਰ ਸੁਨੀਲ ਜਾਖੜ, ਅਵਿਨਾਸ਼ ਰਾਏ ਖੰਨਾ, ਮਨੋਰੰਜਨ ਕਾਲੀਆ,ਬੀਬੀ ਅਮਨਜੋਤ ਕੌਰ ਰਾਮੂਵਾਲੀਆ,ਬਿਕਰਮਜੀਤ ਸਿੰਘ ਚੀਮਾ ਆਦਿ ਹਾਜ਼ਰ ਸਨ। ਵਿਜੇ ਰੂਪਾਨੀ ਨੇ ਹਾਜ਼ਰ ਵਰਕਰਾਂ ਨੂੰ ਆਪਨੇ ਸੰਬੋਧਨ ਵਿੱਚ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਿਸ਼ਵ ਦੀ ਸਭ ਤੋਂ ਵੱਡੀ ਵਰਕਰਾਂ ‘ਤੇ ਆਧਾਰਿਤ ਸਿਆਸੀ ਪਾਰਟੀ ਹੈ,ਜਿਸ ਦੀ ਵਿਚਾਰਧਾਰਾ ਵਿੱਚ ਦੇਸ਼ ਸਭ ਤੋਂ ਪਹਿਲਾਂ ਹੈ ਅਤੇ ਇਸ ਤੋਂ ਵੱਡਾ ਕੋਈ ਨਹੀਂ ਹੈ। ਫਿਰ ਸੰਗਠਨ,ਵਰਕਰ ਅਤੇ ਫਿਰ ਕੋਈ ਵਿਅਕਤੀ ਵਿਸ਼ੇਸ਼ ਆਉਂਦਾ ਹੈ। ਭਾਜਪਾ ਦੇ ਵਰਕਰ ਨਿਰਸਵਾਰਥ ਭਾਵ ਨਾਲ ਖੁਦ ਅੱਗੇ ਵੱਧ ਕੇ ਜਨਤਾ ਦੀ ਸੇਵਾ ਕਰਨ ਲਈ ਤਤਪਰ ਰਹਿੰਦੇ ਹਨ, ਜਿਸ ਕਾਰਨ ਲੋਕਾਂ ਦੇ ਦਿਲਾਂ ਵਿੱਚ ਭਾਜਪਾ ਦੇ ਪ੍ਰਤੀ ਵਿਸ਼ਵਾਸ ਹੋਰ ਪੱਕਾ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਭਲਾਈ ਨੀਤੀਆਂ, ਦੇਸ਼ ਹਿੱਤ ਵਿੱਚ ਲਏ ਗਏ ਠੋਸ ਅਤੇ ਨਿਰਣਾਇਕ ਫੈਸਲਿਆਂ ਅਤੇ ਭਾਜਪਾ ਦੀ ਵਿਚਾਰਧਾਰਾ ਨੂੰ ਮੰਨਣ ਅਤੇ ਸਮਝਣ ਵਾਲੇ ਰਾਜਨੀਤਿਕ ਅਤੇ ਸਮਾਜਿਕ ਸੰਗਠਨਾਂ ਦੇ ਲੋਕ ਖੁਦ ਅੱਗੇ ਵਧ ਕੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਵਿਜੇ ਰੂਪਾਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਜਰਾਤ ਵਾਂਗ ਪੰਜਾਬ ਵੀ ਸਰਹੱਦੀ ਸੂਬਾ ਹੈ ਅਤੇ ਇਸ ਦੀਆਂ ਆਪਣੀਆਂ ਸਮੱਸਿਆਵਾਂ ਹਨ। ਜਿਸ ਕਾਰਨ ਇੱਥੇ ਕਾਨੂੰਨ ਵਿਵਸਥਾ ਨੂੰ ਬਹੁਤ ਸੋਚ ਸਮਝ ਕੇ ਸੰਭਾਲਣ ਦੀ ਲੋੜ ਹੈ। ਉਨ੍ਹਾਂ ਗੁਜਰਾਤ ਦੇ ਲੋਕਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਨੂੰ ਸਵੀਕਾਰ ਕਰਦਿਆਂ ਭਾਜਪਾ ਨੂੰ ਦਿੱਤੇ ਪੂਰਨ ਬਹੁਮਤ ਲਈ ਇੱਕ ਵਾਰ ਫਿਰ ਗੁਜਰਾਤ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਝੂਠ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ। ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਰਾਮ ਭਰੋਸੇ ਛੱਡ ਕੇ ਦੂਜੇ ਚੋਣਾਂ ਵਾਲੇ ਸੂਬਿਆਂ ਦੇ ਸਿਆਸੀ ਸਫ਼ਰ ਦਾ ਆਨੰਦ ਮਾਣ ਰਹੇ ਹਨ। 'ਆਪ' ਸਰਕਾਰ ਦੇ 8 ਮਹੀਨਿਆਂ ਦੇ ਸ਼ਾਸਨ ਦੌਰਾਨ ਪੰਜਾਬ ‘ਚ ਗੈਂਗਸਟਰਾਂ ਅਤੇ ਅਰਾਜਕਤਾਵਾਦੀ ਤੱਤਾਂ ਨੇ ਆਪਣਾ ਰਾਜ ਸਥਾਪਿਤ ਕੀਤਾ ਹੈ। ਪੰਜਾਬ ਵਿੱਚ ਨਿੱਤ ਦਿਨ ਵਾਪਰ ਰਹੀਆਂ ਕਤਲਾਂ, ਡਕੈਤੀਆਂ, ਫਿਰੌਤੀਆਂ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਕਾਰਨ ਜਨਤਾ ਦਹਿਸ਼ਤ ਵਿੱਚ ਹੈ। ਪੰਜਾਬ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਵਿਸ਼ਵਾਸ ਉੱਠ ਗਿਆ ਹੈ। ਪੰਜਾਬ ਦੇ ਲੋਕ ਹੁਣ ਭਾਰਤੀ ਜਨਤਾ ਪਾਰਟੀ ਨੂੰ ਫਤਵਾ ਦੇਣ ਦਾ ਮਨ ਬਣਾ ਚੁੱਕੇ ਹਨ। ਰਾਹੁਲ ਗਾਂਧੀ ਵੱਲੋਂ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਆਪ ਹੀ ਟੁੱਟ ਰਹੀ ਹੈ ਅਤੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਕੱਢ ਰਹੇ ਹਨ। ਉਹਨਾਂ ਕਿਹਾ ਕਿ ਸਰਹਦੀ ਸੂਬੇ ਗੁਜਰਾਤ ਵਾਂਗ ਪੰਜਾਬ ਵੀ ਸਰਹਦੀ ਸੂਬਾ ਹੈ ਅਤੇ ਹੁਣ ਭਾਜਪਾ ਇਸਦੇ ਵਿਕਾਸ ਲਈ ਵੀ ਵਚਨਬਧ ਹੈ। ਆਪਣੇ ਦੋ ਦਿਨਾ ਪ੍ਰਵਾਸ ਦੇ ਪਹਿਲੇ ਦਿਨ ਵਿਜੇ ਰੂਪਾਨੀ ਨੇ ਪੰਜਾਬ ‘ਚ ਹੋਣ ਵਾਲੀਆਂ ਨਗਰ ਨਿਗਮ, ਨਗਰ ਪਾਲਿਕਾ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਨੂੰ ਲੈ ਕੇ ਸੂਬਾ ਕੋਰ ਗਰੁੱਪ,ਸੂਬਾਈ ਅਹੁਦੇਦਾਰਾਂ, ਸੂਬਾ ਪ੍ਰਧਾਨਾਂ ਅਤੇ ਨਗਰ ਨਿਗਮਾਂ, ਨਗਰ ਪਾਲਿਕਾਵਾਂ ਅਤੇ ਨਗਰ ਪੰਚਾਇਤਾਂ ਦੇ ਇੰਚਾਰਜਾਂ ਨਾਲ ਵੱਖ-ਵੱਖ ਜਥੇਬੰਦਕ ਮੀਟਿੰਗਾਂ ਕੀਤੀਆਂ ਅਤੇ ਉਹਨਾ ਡਾ ਮਾਰਗ ਦਰਸ਼ਨ ਕੀਤਾ।